ਅਮਰੀਕੀ ਨਿਸ਼ਾਨੇ ’ਤੇ ਈਰਾਨੀ ਸ਼ੈਡੋ ਫਲੀਟ
40 ਜਹਾਜ਼ਾਂ ਤੇ ਕੰਪਨੀਆਂ
Publish Date: Sat, 25 Apr 2026 08:14 PM (IST)
Updated Date: Sat, 25 Apr 2026 08:16 PM (IST)
40 ਜਹਾਜ਼ਾਂ ਤੇ ਕੰਪਨੀਆਂ ’ਤੇ ਨਵੀਆਂ ਪਾਬੰਦੀਆਂ
ਚੀਨੀ ਰਿਫਾਈਨਰੀਆਂ ’ਤੇ ਵੀ ਕਾਰਵਾਈ
ਵਾਸ਼ਿੰਗਟਨ : ਅਮਰੀਕਾ ਨੇ ਈਰਾਨ ਦੀ ਅਰਥਵਿਵਸਥਾ ’ਤੇ ਦਬਾਅ ਵਧਾਉਂਦੇ ਹੋਏ ਸ਼ੁੱਕਰਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ, ਜਿਨ੍ਹਾਂ ’ਚ 40 ਸ਼ਿਪਿੰਗ ਕੰਪਨੀਆਂ ਤੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਾਸ਼ਿੰਗਟਨ ਮੁਤਾਬਕ ਇਹ ਸਾਰੇ ਈਰਾਨ ਦੀ ਕਥਿਤ ਸ਼ੈਡੋ ਫਲੀਟ ਦਾ ਹਿੱਸਾ ਹਨ, ਜਿਨ੍ਹਾਂ ਰਾਹੀਂ ਤਹਿਰਾਨ ਆਲਮੀ ਬਾਜ਼ਾਰਾਂ ਤੱਕ ਆਪਣਾ ਤੇਲ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਚੀਨ ਦੀ ਆਜ਼ਾਦ ਰਿਫਾਈਨਰੀ ਹੇਂਗਲੀ ਪੈਟ੍ਰੋਕੈਮੀਕਲ ਰਿਫਾਈਨਰੀ ’ਤੇ ਵੀ ਪਾਬੰਦੀ ਲਗਾਈ ਹੈ, ਜਿਸ ਨੂੰ ਈਰਾਨੀ ਕੱਚੇ ਤੇਲ ਦਾ ਵੱਡਾ ਖ਼ਰੀਦਦਾਰ ਮੰਨਿਆ ਜਾਂਦਾ ਹੈ।
ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਨੇ ਕਿਹਾ ਕਿ ਟ੍ਰੇਜ਼ਰੀ ਵਿਭਾਗ ਈਰਾਨ ਦੇ ਉਨ੍ਹਾਂ ਜਹਾਜ਼ਾਂ, ਵਿਚੋਲੀਏ ਤੇ ਖ਼ਰੀਦਦਾਰਾਂ ਦੇ ਨੈੱਟਵਰਕ ਨੂੰ ਲਗਾਤਾਰ ਨਿਸ਼ਾਨਾ ਬਣਾਉਂਦਾ ਰਹੇਗਾ, ਜਿਨ੍ਹਾਂ ਦੇ ਜ਼ਰੀਏ ਉਹ ਕੌਮਾਂਤਰੀ ਬਾਜ਼ਾਰ ’ਚ ਤੇਲ ਵੇਚਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਗੁਪਤ ਵਪਾਰ ਜਾਂ ਵਿੱਤੀ ਲੈਣ ਦੇਣ ਰਾਹੀਂ ਇਸ ਪ੍ਰਕਿਰਿਆ ’ਚ ਸਾਮਲ ਕਿਸੇ ਵੀ ਵਿਅਕਤੀ ਜਾਂ ਜਹਾਜ਼ ’ਤੇ ਅਮਰੀਕੀ ਪਾਬੰਦੀ ਲੱਗ ਸਕਦੀ ਹੈ। ਹਾਲ ਦੇ ਹਫਤਿਆਂ ’ਚ ਅਮਰੀਕਾ ਨੇ ਈਰਾਨ ’ਤੇ ਪਾਬੰਦੀਆਂ ਨੂੰ ਲੈ ਕੇ ਆਪਣੀ ਰਣਨੀਤੀ ’ਚ ਵੱਡਾ ਬਦਲਾਅ ਕੀਤਾ ਹੈ। ਮਾਰਚ ’ਚ ਜਿਥੇ ਕੁਝ ਈਰਾਨੀ ਤੇਲ ਵਿਕਰੀ ਨੂੰ ਇਕ ਮਹੀਨੇ ਦੀ ਛੋਟ ਦਿੱਤੀ ਗਈ ਸੀ, ਉਥੇ ਹੁਣ ਟਰੰਪ ਪ੍ਰਸ਼ਾਸਨ ਨੇ ਸਖ਼ਤੀ ਵਧਾਉਂਦੇ ਹੋਏ ਹਮਲਾਵਰ ਪਾਬੰਦੀਆਂ ਲਾਗੂ ਕੀਤੀਆਂ ਹਨ। ਇਸਦੇ ਨਾਲ ਹੀ ਹੋਰਮੁਜ਼ ਸਟ੍ਰੇਟ ’ਚ ਆਪਣੀ ਨਾਕੇਬੰਦੀ ਨੂੰ ਵੀ ਤੇਜ਼ ਕੀਤਾ ਹੈ।
ਮਾਹਰਾਂ ਅਨੁਸਾਰ ਇਸ ਨੀਤੀ ਤਬਦੀਲੀ ਦਾ ਮਕਸਦ ਈਰਾਨ ਦੀ ਤੇਲ ਆਮਦਨ ਨੂੰ ਰੋਕਨਾ ਹੈ, ਜੋ ਉਸ ਦੀ ਅਰਥਵਿਵਸਥਾ ਦੀ ਰੀੜ ਮੰਨੀ ਜਾਂਦੀ ਹੈ। ਈਰਾਨ ਪੱਛਮੀ ਪਾਬੰਦੀਆਂ ਤੋਂ ਬਚਣ ਲਈ ਸ਼ੈਡੋ ਫਲੀਟ ਦਾ ਵਿਆਪਕ ਇਸਤੇਮਾਲ ਕਰਦਾ ਹੈ, ਜਿਸ ਰਾਹੀਂ ਉਹ ਖ਼ਾਸ ਤੌਰ ’ਤੇ ਏਸ਼ੀਆਈ ਦੇਸ਼ਾਂ ਤੱਕ ਤੇਲ ਪਹੁੰਚਾਉਂਦਾ ਹੈ। ਚੀਨ ’ਚ ਵਿਕਣ ਵਾਲੇ ਈਰਾਨੀ ਤੇਲ ਦਾ ਵੱਡਾ ਹਿੱਸਾ ਉਥੋਂ ਦੀ ਆਜ਼ਾਦ ਟੀ-ਪਾਟ ਰਿਫਾਈਨਰੀਆਂ ਵੱਲੋਂ ਖ਼ਰੀਦਿਆ ਜਾਂਦਾ ਹੈ।
ਹੇਂਗਲੀ ਚੀਨ ਦੀ ਦੂਜੀ ਸਭ ਤੋਂ ਵੱਡੀ ਅਜਿਹੀ ਰਿਫਾਈਨਰੀ ਹੈ, ਜਿਸ ਨੇ ਈਰਾਨ ਤੋਂ ਅਰਬਾਂ ਡਾਲਰ ਦਾ ਕੱਚਾ ਤੇਲ ਖ਼ਰੀਦਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਵਪਾਰ ’ਚ ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ, ਜੋ ਦੇਸ਼ ਦੇ ਫ਼ੌਜੀ, ਸਿਆਸੀ ਤੇ ਆਰਥਿਕ ਢਾਂਚੇ ’ਤੇ ਡੂੰਘੀ ਪਕੜ ਰੱਖਦੀ ਹੈ।