ਤੇਲੰਗਾਨਾ ਛੱਡ ਕੇ ਦਿੱਲੀ ਕਿਉਂ ਆਏ ਅੱਲੂ ਅਰਜੁਨ : ਹਾਈ ਕੋਰਟ
ਜਾਸੰ, ਨਵੀਂ ਦਿੱਲੀ :
Publish Date: Fri, 17 Apr 2026 07:57 PM (IST)
Updated Date: Fri, 17 Apr 2026 08:00 PM (IST)
ਜਾਸੰ, ਨਵੀਂ ਦਿੱਲੀ : ਵਿਅਕਤੀਗਤ ਅਧਿਕਾਰਾਂ ’ਤੇ ਸੁਰੱਖਿਆ ਦੀ ਮੰਗ ਵਾਲੀ ਤੇਲੁਗੂ ਅਭਿਨੇਤਾ ਅੱਲੂ ਅਰਜੁਨ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਹੁਕਮ ਪਾਸ ਕਰੇਗਾ। ਸ਼ੁੱਕਰਵਾਰ ਨੂੰ ਮਾਮਲੇ ’ਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਅਦਾਲਤ ਨੇ ਕਿਹਾ ਕਿ ਕੋਰਟ ਮਾਮਲੇ ’ਤੇ ਅੰਤਰਿਮ ਹੁਕਮ ਪਾਸ ਕਰੇਗੀ। ਹਾਲਾਂਕਿ ਬੈਂਚ ਨੇ ਦਿੱਲੀ ਤੇ ਅਰਜੁਨ ਦੇ ਗ੍ਰਹਿ ਰਾਜ ਤੇਲੰਗਾਨਾ ਦੇ ਵਿਚਾਲੇ ਦੀ ਭੂਗੌਲਿਕ ਦੂਰੀ ਦਾ ਜ਼ਿਕਰ ਕਰਦੇ ਹੋਏ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਨ ’ਤੇ ਸਵਾਲ ਕੀਤਾ। ਬੈਂਚ ਨੇ ਕਿਹਾ ਕਿ ਤੁਸੀਂ ਇਥੇ ਕਿਉਂ ਆਏ ਹੋ? ਦਿੱਲੀ ਤੋਂ ਤੇਲੰਗਾਨਾ ਵਿਚਾਲੇ ਕਈ ਸੂਬੇ ਪੈਂਦੇ ਹਨ। ਅੱਲੂ ਅਰਜੁਨ ਵੱਲੋਂ ਪੇਸ਼ ਸੀਨੀਅਰ ਵਕੀਲ ਸਵਾਤੀ ਸੁਕੁਮਾਰ ਨੇ ਕਿਹਾ ਕਿ ਪੂਰੇ ਦੇਸ਼ ’ਚ ਵਿਅਕਤੀਗਤ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤੇ ਇਹ ਸਚਮੁੱਚ ਡਰਾਉਣਾ ਹੈ ਕਿ ਪ੍ਰਤੀਵਾਦੀਆਂ ’ਚੋਂ ਇਕ ਨੇ ਇਕ ਅਜਿਹਾ ਐਪ ਬਣਾਇਆ ਹੈ, ਜਿਸ ਨਾਲ ਕੋਈ ਵੀ ਵਿਅਕਤੀ ਅਰਜੁਨ ਦੇ ਏਆਈ ਵਰਗੇ ਅਕਸ ਨਾਲ ਗੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਕੋਲ 26 ਰਜਿਸਟਰਡ ਟ੍ਰੇਡਮਾਰਕ ਹਨ। ਦੱਸ ਦੇਈਏ ਕਿ ਅਭਿਨੇਤਾ ਨੇ ਵਕੀਲ ਰਾਹੀਂ ਆਪਣੇ ਨਾਂ, ਅਕਸ, ਆਵਾਜ਼ ਸਮੇਤ ਹੋਰ ਵੀਡੀਓ ਦੇ ਇਸਤੇਮਾਲ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।