ਪੁਲਿਸ ’ਤੇ ਇਕਪਾਸੜ ਕਾਰਵਾਈ ਦੇ ਦੋਸ਼ ਲਾ ਕੇ ਲਾਇਆ ਧਰਨਾ
ਪੁਲਿਸ ਵੱਲੋਂ ਇਕਤਰਫ਼ਾ ਕਾਰਵਾਈ ਦੇ ਦੋਸ਼, ਲੋਕਾਂ ਨੇ ਧਰਨਾ ਲਗਾਇਆ, ਜਾਮ ਲੱਗਿਆ
Publish Date: Tue, 20 Jan 2026 09:24 PM (IST)
Updated Date: Tue, 20 Jan 2026 09:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਮਾਡਲ ਹਾਊਸ ਇਲਾਕੇ ’ਚ ਸਥਿਤ ਮਾਤਾ ਰਾਣੀ ਚੌਕ ’ਤੇ ਭਾਰਗੋ ਕੈਂਪ ਇਲਾਕੇ ਦੇ ਲੋਕਾਂ ਨੇ ਪੁਲਿਸ ਤੇ ਸਰਕਾਰ ਖ਼ਿਲਾਫ਼ ਧਰਨਾ ਲਗਾ ਦਿੱਤਾ। ਧਰਨੇ ਕਾਰਨ ਰਾਹਗੀਰਾਂ ਨੂੰ ਆਵਾਜਾਈ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਮਾਤਾ ਰਾਣੀ ਚੌਕ, ਸ਼੍ਰੀ ਗੁਰੂ ਰਵਿਦਾਸ ਚੌਕ ਤੇ ਮਾਡਲ ਹਾਊਸ ਦੇ ਆਸ-ਪਾਸ ਦੇ ਇਲਾਕਿਆਂ ’ਚ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਧਰਨੇ ’ਤੇ ਬੈਠੇ ਵਿਨੈ ਕਪੂਰ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਭਾਰਗੋ ਕੈਂਪ ’ਚ ਹੋਈ ਲੜਾਈ ਸਬੰਧੀ ਸ਼ਿਕਾਇਤਾਂ ਪੁਲਿਸ ਕੋਲ ਪੁੱਜੀਆਂ ਸਨ ਪਰ ਪੁਲਿਸ ਨੇ ਨਿਰਪੱਖ ਕਾਰਵਾਈ ਨਹੀਂ ਕੀਤੀ ਤੇ ਰਾਜਨੀਤਿਕ ਦਬਾਅ ਹੇਠ ਇਕਤਰਫ਼ਾ ਕਦਮ ਚੁੱਕੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਆਪਣੀ ਕਾਰਵਾਈ ’ਚ ਸੁਧਾਰ ਨਹੀਂ ਕਰਦੀ ਤੇ ਨਿਆਂਸੰਗਤ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਰਾਹਗੀਰਾਂ ਨੂੰ ਆਵਾਜਾਈ ’ਚ ਭਾਰੀ ਦਿੱਕਤਾਂ ਆਈਆਂ ਤੇ ਆਸ-ਪਾਸ ਦੇ ਇਲਾਕਿਆਂ ’ਚ ਲੰਮਾ ਜਾਮ ਲੱਗ ਗਿਆ। ਇਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਕਈ ਵਾਹਨ ਚਾਲਕਾਂ ਨੂੰ ਬਦਲਵੇਂ ਰਾਹਾਂ ਦਾ ਸਹਾਰਾ ਲੈਣਾ ਪਿਆ ਪਰ ਉੱਥੇ ਵੀ ਜਾਮ ਦੀ ਸਥਿਤੀ ਬਣੀ ਰਹੀ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਹਾਲਾਤਾਂ ’ਤੇ ਕਾਬੂ ਪਾਉਣ ’ਚ ਜੁਟ ਗਈ। ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿਵਾ ਕੇ ਧਰਨਾ ਸਮਾਪਤ ਕਰਵਾਇਆ। ਜ਼ਿਕਰਯੋਗ ਹੈ ਕਿ ਸੋਮਵਾਰ ਦੁਪਹਿਰ ਭਾਰਗੋ ਕੈਂਪ ’ਚ ਦੋ ਧਿਰਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਪਹਿਲਾਂ ਦੋਹਾਂ ਪਾਸਿਆਂ ਤੋਂ ਗਾਲੀ-ਗਲੋਚ ਹੋਈ ਪਰ ਕੁਝ ਹੀ ਸਮੇਂ ’ਚ ਮਾਮਲਾ ਇੰਨਾ ਵਧ ਗਿਆ ਕਿ ਜ਼ਬਰਦਸਤ ਇੱਟਾਂ-ਪੱਥਰ ਚੱਲ ਪਏ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਕੁਝ ਲੋਕ ਜ਼ਖ਼ਮੀ ਵੀ ਹੋਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਕਾਬੂ ’ਚ ਕੀਤਾ। ਦੋਹਾਂ ਪਾਸਿਆਂ ਵੱਲੋਂ ਥਾਣਾ ਭਾਰਗੋ ਕੈਂਪ ’ਚ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਪਰ ਇਕਤਰਫ਼ਾ ਕਾਰਵਾਈ ਹੋਣ ਦੇ ਦੋਸ਼ ਲਗਾਉਂਦੇ ਹੋਏ ਲੋਕਾਂ ਨੇ ਧਰਨਾ ਲਾਇਆ।