-ਅੱਗ 'ਤੇ ਕਾਬੂ ਪਾਉਣ

-ਅੱਗ 'ਤੇ ਕਾਬੂ ਪਾਉਣ ਦੌਰਾਨ ਸਿਲੰਡਰ ਫਟਣ ਕਾਰਨ ਲੋਕ ਝੁਲਸੇ
-ਫਾਇਰ ਬ੍ਰਿਗੇਡ ਨੇ ਚਾਰ ਗੱਡੀਆਂ ਦੀ ਮਦਦ ਨਾਲ ਪਾਇਆ ਕਾਬੂ
ਜਾਸ, ਜਲੰਧਰ : ਕਿਸ਼ਨਪੁਰਾ ’ਚ ਰਹਿਣ ਵਾਲੇ ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਮੀਡੀਆ ਸਕੱਤਰ ਪ੍ਰਸ਼ਾਂਤ ਗੰਭੀਰ ਦੇ ਘਰ ਦੇ ਮੰਦਰ ’ਚ ਪੱਖੇ ਰਾਹੀਂ ਹੋਏ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਦਾ ਧੂੰਆਂ ਦੂਰੋਂ ਤੋਂ ਹੀ ਦਿਖਾਈ ਦੇਣ ਲੱਗਾ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਇਕ ਸਿਲੰਡਰ ਫਟ ਗਿਆ, ਜਿਸ ਨਾਲ ਇਲਾਕੇ ਦੇ ਤਿੰਨ ਲੋਕ ਝੁਲਸ ਗਏ, ਜਿਨ੍ਹਾਂ ’ਚ ਪ੍ਰਸ਼ਾਂਤ ਗੰਭੀਰ, ਉਨ੍ਹਾਂ ਦਾ ਛੋਟਾ ਭਰਾ ਅਜੈ ਕੁਮਾਰ ਤੇ ਪਿਤਾ ਸੁਖਚੈਨ ਕੁਮਾਰ ਸ਼ਾਮਲ ਹਨ। ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ ਤੇ ਦੋ ਘੰਟਿਆਂ ਦੀ ਮਸ਼ੱਕਤ ਮਗਰੋਂ ਕਾਬੂ ਪਾਇਆ ਪਰ ਘਰ ਵਿਚਲਾ ਸਾਮਾਨ ਸੜ ਕੇ ਰਾਖ ਹੋ ਚੁੱਕਾ ਸੀ।
ਭਾਜਪਾ ਆਗੂ ਪ੍ਰਸ਼ਾਂਤ ਗੰਭੀਰ ਦੇ ਪਿਤਾ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਘਰੋਂ ਸੈਰ ਲਈ ਨਿਕਲਣ ਲੱਗੇ ਸਨ। ਇਸ ਮਗਰੋਂ ਇਹ ਘਟਨਾ ਵਾਪਰੀ। ਘਟਨਾ ਬਾਰੇ ਪ੍ਰਸ਼ਾਂਤ ਗੰਭੀਰ ਨੇ ਦੱਸਿਆ ਕਿ ਦੇਖਦਿਆਂ ਹੀ ਦੇਖਦਿਆਂ ਚੰਦ ਕੁ ਮਿੰਟਾਂ ’ਚ ਅੱਗ ਨੇ ਪੂਰੇ ਘਰ ਨੂੰ ਲਪੇਟ ’ਚ ਲੈ ਲਿਆ, ਜਿਸ ਨੂੰ ਦੇਖ ਕੇ ਆਸ-ਪਾਸ ਦੇ ਲੋਕ ਮਦਦ ਲਈ ਆਏ। ਅੱਗ 'ਤੇ ਕਾਬੂ ਪਾਉਣ ਦੌਰਾਨ ਘਰ ’ਚ ਪਿਆ ਸਿਲੰਡਰ ਫਟ ਗਿਆ, ਜਿਸ ਕਾਰਨ ਤਿੰਨ ਲੋਕ ਝੁਲਸ ਗਏ। ਇਸ ਸਬੰਧੀ ਜਾਣਕਾਰੀ ਫਾਇਰ ਬ੍ਰਿਗੇਡ ਟੀਮ ਨੂੰ ਤੁਰੰਤ ਦਿੱਤੀ ਗਈ ਪਰ ਟੀਮ ਦੇਰੀ ਨਾਲ ਪੁੱਜੀ ਤੇ ਇਸ ਕਾਰਨ ਘਰ ’ਚ ਪਿਆ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਪ੍ਰਸ਼ਾਂਤ ਗੰਭੀਰ ਨੇ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਪੱਖੇ ਦੀ ਮੋਟਰ ਸੜੀ ਸੀ, ਜਿਸ ਤੋਂ ਬਾਅਦ ਤਾਰਾਂ ’ਚੋਂ ਨਿਕਲੀ ਅੱਗ ਸਾਰੇ ਘਰ ’ਚ ਫੈਲ ਗਈ। ਅੱਗ ਬੁਝਾਉਣ ਦੇ ਯਤਨ ’ਚ ਉਹ ਖੁਦ, ਉਨ੍ਹਾਂ ਦਾ ਛੋਟਾ ਭਰਾ ਅਜੈ ਕੁਮਾਰ ਤੇ ਪਿਤਾ ਸੁਖਚੈਨ ਕੁਮਾਰ ਜ਼ਖਮੀ ਹੋ ਗਏ। ਘਰ ’ਚ ਰਿਸ਼ਤੇਦਾਰ ਦੇ ਤਿੰਨ ਪਰਿਵਾਰ ਰਹਿੰਦੇ ਹਨ, ਜੋ ਸਾਰੇ ਘਰੇ ਸਨ। ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ ਲਿਆ ਗਿਆ।
ਇਸ ਦੌਰਾਨ, ਫਾਇਰ ਬ੍ਰਿਗੇਡ ਦੇ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ 'ਤੇ ਜਾਣਕਾਰੀ ਮਿਲੀ ਸੀ ਕਿ ਘਰ ’ਚ ਅੱਗ ਲੱਗੀ ਹੈ। ਇਸ ਤੋਂ ਬਾਅਦ ਟੀਮਾਂ ਸਮੇਤ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਚਾਰ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਗਲੀਆਂ ’ਚ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਸਨ, ਜਿਸ ਕਾਰਨ ਪੁੱਜਣ ’ਚ ਦੇਰੀ ਹੋਈ। ਉਨ੍ਹਾਂ ਦੀ ਟੀਮ ਨੇ ਕਾਫੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਏਐੱਸਆਈ ਸੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ 'ਤੇ ਜਾਣਕਾਰੀ ਮਿਲੀ ਸੀ ਕਿ ਕਿਸ਼ਨਪੁਰਾ ਇਲਾਕੇ ’ਚ ਸਥਿਤ ਘਰ ਵਿਚ ਅੱਗ ਲੱਗੀ ਹੈ। ਲੋਕਾਂ ਦੀ ਭੀੜ ਮੌਕੇ 'ਤੇ ਇਕੱਠੀ ਹੋਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
---
ਛੱਤ ਰਾਹੀਂ ਬਾਹਰ ਕੱਢੇ ਪਰਿਵਾਰਕ ਮੈਂਬਰ
ਪ੍ਰਸ਼ਾਂਤ ਗੰਭੀਰ ਨੇ ਦੱਸਿਆ ਕਿ ਅੱਗ ਲੱਗਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਛੱਤ ਰਾਹੀਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਅੱਗ ਬੁਝਾਉਣ ਦਾ ਯਤਨ ਸ਼ੁਰੂ ਕੀਤਾ ਗਿਆ ਪਰ ਸਭ ਕੁਝ ਸੜ ਕੇ ਰਾਖ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਲਗਪਗ ਤਿੰਨ ਘੰਟਿਆਂ ਤੱਕ ਪਾਣੀ ਦੀਆਂ ਪੰਜ-ਛੇ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ।