20 ਤੱਕ ਮੁਕੰਮਲ ਕੀਤੇ ਜਾਣ ਹੜ੍ਹ ਸੁਰੱਖਿਆ ਕਾਰਜ : ਡੀਸੀ
ਜ਼ਿਲ੍ਹੇ ਦੇ ਸਾਰੇ ਹੜ੍ਹ ਸੁਰੱਖਿਆ ਕਾਰਜ 20 ਜੂਨ ਤੱਕ ਮੁਕੰਮਲ ਕੀਤੇ ਜਾਣ: ਡਿਪਟੀ ਕਮਿਸ਼ਨਰ
Publish Date: Wed, 13 May 2026 08:05 PM (IST)
Updated Date: Wed, 13 May 2026 08:06 PM (IST)

-31 ਮਈ ਤੱਕ ਖੋਜ ਤੇ ਬਚਾਅ ਟੀਮਾਂ ਤਾਇਨਾਤ ਕਰਨ ਤੇ ਕੰਟਰੋਲ ਰੂਮ ਸਥਾਪਤੀ ਦੇ ਹੁਕਮ -ਮਾਨਸੂਨ ਤੋਂ ਪਹਿਲਾਂ ਸਤਲੁਜ ਦੇ ਸੰਵੇਦਨਸ਼ੀਲ ਬੰਨ੍ਹਾਂ ਦੀ ਮਜ਼ਬੂਤੀ ਦੀ ਵੀ ਸਮੀਖਿਆ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਆਉਣ ਵਾਲੇ ਮੌਨਸੂਨ ਸੀਜ਼ਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਹੜ੍ਹ ਸੁਰੱਖਿਆ ਕਾਰਜਾਂ ਵਿਚ ਲੱਗੇ ਸਾਰੇ ਵਿਭਾਗਾਂ ਨੂੰ 20 ਜੂਨ ਤੱਕ ਚੱਲ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਤੇ ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਿਆਰੀ ਵਿਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੜ੍ਹਾਂ ਦੀ ਤਿਆਰੀ ਬਾਰੇ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ’ਚ ਚਲਾਏ ਜਾ ਰਹੇ ਵੱਖ-ਵੱਖ ਹੜ੍ਹ ਪ੍ਰਬੰਧਨ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵਿਸਥਾਰਤ ਮੁਲਾਂਕਣ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਡ੍ਰੇਨੇਜ ਤੇ ਸਿੰਚਾਈ ਵਿਭਾਗਾਂ ਨੂੰ ਨਿਰਧਾਰਿਤ ਸਮਾਂ ਸੀਮਾ ਤੱਕ ਸਤਲੁਜ ਦਰਿਆ ਵਿਚੋਂ ਗਾਰ ਕੱਢਣ ਦੇ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਾਰੀ ਬਾਰਸ਼ਾਂ ਦੌਰਾਨ ਵਾਧੂ ਦਰਿਆਈ ਪਾਣੀ ਦੇ ਸੁਚਾਰੂ ਵਹਾਅ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਬਹੁਤ ਅਹਿਮ ਦੱਸਿਆ। ਵਾਲੀਆ ਨੇ ਸਾਰੇ ਸਬ-ਡਵੀਜ਼ਨਲ ਮੈਜਿਸਟਰੇਟਾਂ ਨੂੰ ਮੌਨਸੂਨ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਅ ਵਜੋਂ 31 ਮਈ ਤੱਕ ਖੋਜ ਤੇ ਬਚਾਅ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਲ੍ਹੇ ਦੀ ਐਮਰਜੈਂਸੀ ਸੂਚੀ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਹੜ੍ਹ ਪ੍ਰਤੀਕਿਰਿਆ ਉਪਾਵਾਂ ਨੂੰ ਮਜ਼ਬੂਤ ਕਰਨ ਲਈ ਲੋੜੀਂਦੀਆਂ ਕਿਸ਼ਤੀਆਂ, ਲਾਈਫ਼ ਜੈਕਟਾਂ, ਸਰਚ ਲਾਈਟਾਂ, ਗ਼ੋਤਾਖ਼ੋਰੀ, ਰੇਤ ਦੇ ਬੋਰੇ, ਪਾਣੀ ਦੇ ਪੰਪ ਤੇ ਚਾਰਾ ਖ਼ਰੀਦਣ ਲਈ ਕਿਹਾ। ਉਨ੍ਹਾਂ ਸਤਲੁਜ ਦੇ ਨਾਲ-ਨਾਲ ਖ਼ਾਸ ਕਰ ਕੇ ਮੰਡਾਲਾ ਛੰਨਾ ਤੇ ਗਿੱਦੜਪਿੰਡੀ ਵਿਚ ਜਿੱਥੇ ਪਿਛਲੇ ਹੜ੍ਹਾਂ ਦੌਰਾਨ ਕਟੌਤੀ ਹੋਈ ਸੀ, ਦੇ ਬੰਨ੍ਹਾਂ ਦੀ ਮਜ਼ਬੂਤੀ ਦੀਆਂ ਰਿਪੋਰਟਾਂ ਵੀ ਮੰਗੀਆਂ ਤੇ ਹੜ੍ਹ ਕੰਟਰੋਲ ਸਥਾਪਤ ਕਰਨ ਸਬੰਧੀ ਵੀ ਕਿਹਾ।