ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ’ਚ ਸਫਾਈ ਤੇ ਸੀਵਰੇਜ ’ਚ ਸੁਧਾਰ ਲਈ ਕੂੜੇ ਦੇ ਗ਼ੈਰ ਕਾਨੂੰਨੀ ਡੰਪਾਂ 'ਤੇ ਨਜ਼ਰ ਰੱਖਣ ਲਈ ਲੋਕਲ ਬਾਡੀ ਡਿਪਾਰਟਮੈਂਟ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਪੰਜਾਬ ਮਿਊਂਸੀਪਲ ਇੰਫ੍ਰਾਸਟ੍ਰਕਚਰ ਡਿਵੈੱਲਪਮੈਂਟ ਕਮੇਟੀ ਵੱਲੋਂ ਤਾਇਨਾਤ ਕੀਤੀ ਗਈ ਸਾਬਕਾ ਸੇਵਾ ਅਧਿਕਾਰੀਆਂ ਦੀ ਟੀਮ ਇਸ ਪੂਰੇ ਪ੍ਰੋਜੈਕਟ ’ਤੇ ਕੰਮ ਕਰ ਰਹੀ ਹੈ। ਜ਼ਿਲ੍ਹੇ ’ਚ 17 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ’ਚੋਂ ਚਾਰ ਜਲੰਧਰ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ’ਚ ਕੰਮ ਕਰ ਰਹੇ ਹਨ। ਇਹ ਸੁਪਰਵਾਈਜ਼ਰ ਆਪਣੇ ਸਕੂਟਰ ਤੇ ਮੋਟਰਸਾਈਕਲ 'ਤੇ ਏਆਈ ਤਕਨੀਕ ਨਾਲ ਲੈਸ ਕੈਮਰਾ ਯੁਕਤ ਉਪਕਰਨ ਲਾਏ ਹੋਏ ਹਨ। ਜਿਹੜੀ ਵੀ ਸੜਕ, ਗਲੀ ਜਾਂ ਮੁਹੱਲਾ ਉਨ੍ਹਾਂ ਦੇ ਸਾਹਮਣੇ ਆਵੇਗਾ, ਉਥੇ ਕੂੜੇ ਦੇ ਢੇਰ, ਸੀਵਰੇਜ ਜਾਮ ਤੇ ਟੁੱਟੀਆਂ ਸੜਕਾਂ ਦੀ ਜਾਣਕਾਰੀ ਤੁਰੰਤ ਐਪ 'ਤੇ ਭੇਜ ਦਿੱਤੀ ਜਾਵੇਗੀ। ਐਪ ਰਾਹੀਂ ਪੀਐੱਮਆਈਡੀਸੀ ਨੂੰ ਜਾਣਕਾਰੀ ਮਿਲੇਗੀ ਤੇ ਕੁਝ ਘੰਟਿਆਂ ਬਾਅਦ ਕੂੜੇ, ਸੀਵਰੇਜ ਜਾਮ ਤੇ ਸੜਕਾਂ ਦੀ ਸਥਿਤੀ ਦੀ ਜਾਣਕਾਰੀ ਸਬੰਧਤ ਨਗਰ ਨਿਗਮ, ਕੌਂਸਲ ਤੇ ਨਗਰ ਪੰਚਾਇਤ ਨੂੰ ਪਹੁੰਚਾਈ ਜਾਵੇਗੀ।
ਪੀਐੱਮਆਈਡੀਸੀ ਦੇ ਦੋਆਬਾ ਜ਼ੋਨ ਦੇ ਡਿਪਟੀ ਜਨਰਲ ਮੈਨੇਜਰ ਸੇਵਾਮੁਕਤ ਸਕਾਊਡ੍ਰਨ ਲੀਡਰ ਚਰਨਬੀਰ ਸਿੰਘ ਨੇ ਦੱਸਿਆ ਕਿ ਏਆਈ ਯੁਕਤ ਉਪਕਰਨ ਸਮੱਸਿਆਵਾਂ ਦੀ ਛੋਟੀ-ਛੋਟੀ ਵੀਡੀਓ ਬਣਾ ਕੇ ਸਥਾਨ ਸਮੇਤ ਐਪ ’ਤੇ ਆਟੋਮੈਟਿਕ ਅਪਲੋਡ ਕਰ ਦੇਣਗੇ। ਇਹ ਵੀਡੀਓ ਚੰਡੀਗੜ੍ਹ ਸਥਿਤ ਪੀਐੱਮਆਈਡੀਸੀ ਦਫਤਰ, ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਰੀਅਲ ਟਾਈਮ ’ਚ ਮਿਲ ਜਾਣਗੀਆਂ। ਇਸ ਤੋਂ ਬਾਅਦ ਸਬੰਧਤ ਵਿਭਾਗ ਤੁਰੰਤ ਕਾਰਵਾਈ ਸ਼ੁਰੂ ਕਰੇਗਾ। ਇਸ ਸਮੇਂ ਇਹ ਪ੍ਰਕਿਰਿਆ ਟ੍ਰਾਇਲ ’ਚੋਂ ਲੰਘ ਰਹੀ ਹੈ ਪਰ ਨਤੀਜੇ ਉਤਸ਼ਾਹਜਨਕ ਹਨ। ਹਰ ਸੁਪਰਵਾਈਜ਼ਰ ਨੂੰ ਕੁਝ ਹੀ ਦਿਨਾਂ ’ਚ 200 ਤੋਂ 300 ਸ਼ਿਕਾਇਤਾਂ ਮਿਲੀਆਂ ਹਨ। ਪਹਿਲਾਂ ਮੈਨੂਅਲ ਸ਼ਿਕਾਇਤ 'ਤੇ ਕਾਰਵਾਈ ਵਿਚ ਹਫ਼ਤੇ ਲੱਗ ਜਾਂਦੇ ਸਨ, ਹੁਣ ਏਆਈ ਸਿਸਟਮ ਨਾਲ ਕੁਝ ਘੰਟਿਆਂ ਵਿਚ ਹੀ ਸਪਾਟਾਂ ਦੀ ਨਿਸ਼ਾਨਦੇਹੀ ਹੋ ਰਹੀ ਹੈ।
ਇਸ ਸਿਲਸਿਲੇ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡਿਪਟੀ ਜਨਰਲ ਮੈਨੇਜਰ ਦੇ ਨਾਲ ਜ਼ਿਲੇ ਦੇ ਕੁਝ ਇਲਾਕਿਆਂ ਦਾ ਦੌਰਾ ਕਰਕੇ ਪ੍ਰੋਜੈਕਟ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਾ ਸਿਰਫ ਕੂੜਾ ਤੇ ਸੀਵਰੇਜ, ਬਲਕਿ ਸੜਕਾਂ ਦੇ ਟੋਏ, ਖੁੱਲ੍ਹੇ ਮੈਨਹੋਲ ਤੇ ਗ਼ੈਰ ਕਾਨੂੰਨੀ ਡੰਪਿੰਗ ਦੀ ਪਛਾਣ ਵੀ ਹੋ ਸਕੇਗੀ। ਪੀਐੱਮਆਈਡੀਸੀ ਦੇ ਸੁਪਰਵਾਈਜ਼ਰਾਂ ਦੇ ਦੋਪਹੀਆ ਵਾਹਨਾਂ 'ਤੇ ਕੈਮਰਾ ਤੇ ਏਆਈ ਤਕਨੀਕ ਨਾਲ ਲੈਸ ਉਪਕਰਨ ਲਾ ਕੇ ਫੀਲਡ ’ਚ ਘੁੰਮ ਰਹੇ ਹਨ। ਜਿਹੜੀ ਵੀ ਸੜਕ, ਗਲੀ ਜਾਂ ਮੁਹੱਲਾ ਉਨ੍ਹਾਂ ਦੇ ਸਾਹਮਣੇ ਆਉਂਦਾ ਹੈ, ਜੇ ਉਥੇ ਕੂੜੇ ਦੇ ਛੋਟੇ-ਵੱਡੇ ਢੇਰ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਉਸ ਦੀ ਵੀਡੀਓ ਸਥਾਨ ਸਮੇਤ ਸਿਸਟਮ ’ਚ ਅਪਡੇਟ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੈਨੇਜਮੈਂਟ ’ਚ ਵੱਡਾ ਸੁਧਾਰ ਹੋਵੇਗਾ। ਇਹ ਤਕਨੀਕ ਤੇ ਟੀਮ ਨਗਰ ਨਿਗਮ, ਕੌਂਸਲਾਂ ਲਈ ਸਹਾਇਕ ਵਜੋਂ ਕੰਮ ਕਰੇਗੀ।
---
ਕਿਵੇਂ ਕੰਮ ਕਰਦੀ ਹੈ ਤਕਨੀਕ
ਏਆਈ ਨਾਲ ਲੈਸ ਕੈਮਰਾ ਰੀਅਲ ਟਾਈਮ ’ਚ ਕੂੜੇ ਦੀ ਪਛਾਣ ਕਰਦਾ ਹੈ। ਜਿਵੇਂ ਹੀ ਡਿਵਾਈਸ ਨੂੰ ਕੂੜਾ ਦਿਖਾਈ ਦਿੰਦਾ ਹੈ, ਉਹ ਆਟੋਮੈਟਿਕ ਤੌਰ 'ਤੇ ਫੋਟੋ ਕਲਿੱਕ ਕਰ ਲੈਂਦਾ ਹੈ ਤੇ ਵੀਡੀਓ ਵੀ ਬਣਾਉਂਦਾ ਹੈ। ਨਾਲ ਹੀ ਜੀਪੀਐੱਸ ਥਾਂ, ਸਮਾਂ ਅਤੇ ਤਰੀਕ ਵੀ ਟੈਗ ਹੋ ਜਾਂਦੀ ਹੈ। ਇਹ ਪੂਰੀ ਜਾਣਕਾਰੀ ਸਿੱਧਾ ਲੋਕਲ ਬਾਡੀ ਡਿਪਾਰਟਮੈਂਟ ਤੇ ਨਗਰ ਨਿਗਮ ਦੇ ਕੰਟਰੋਲ ਰੂਮ ਨੂੰ ਭੇਜ ਦਿੱਤੀ ਜਾਂਦੀ ਹੈ। ਉੱਥੇ ਸਬੰਧਤ ਵਾਰਡ ਦੇ ਸਫਾਈ ਇੰਸਪੈਕਟਰ ਤੇ ਸੁਪਰਵਾਈਜ਼ਰ ਨੂੰ ਤੁਰੰਤ ਅਲਰਟ ਭੇਜਿਆ ਜਾਵੇਗਾ।
---
ਇਨ੍ਹਾਂ ਸ਼ਹਿਰਾਂ ’ਚ ਸਫਲ ਰਹੀ ਹੈ ਤਕਨੀਕ
ਇੰਦੌਰ : ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਇੰਦੌਰ 2020 ਤੋਂ ਹੀ ਏਆਈ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਕੂੜਾ ਗੱਡੀਆਂ ਤੇ ਸਫਾਈ ਮੁਲਾਜ਼ਮਾਂ ਦੀ ਲਾਈਵ ਟ੍ਰੈਕਿੰਗ, ਸੜਕਾਂ 'ਤੇ ਲੱਗੇ ਸਮਾਰਟ ਕੈਮਰੇ ਖੁੱਲ੍ਹੇ ’ਚ ਕੂੜਾ ਦਿਸਦਿਆਂ ਹੀ ਕੰਟਰੋਲ ਰੂਮ ਨੂੰ ਅਲਰਟ ਭੇਜਦੇ ਹਨ।
ਸੂਰਤ : ਸੂਰਤ ਨਗਰ ਨਿਗਮ ਨੇ 2023 ’ਚ ਏਆਈ ਨਾਲ ਕੂੜੇ ਦੇ ਢੇਰਾਂ ਦੀ ਪਛਾਣ ਸ਼ੁਰੂ ਕੀਤੀ। 500 ਸੀਸੀਟੀਵੀ ਕੈਮਰੇ ਏਆਈ ਨਾਲ ਲੈਸ ਹਨ। ਸੜਕ 'ਤੇ ਕੂੜਾ, ਮਲਬਾ ਸੁੱਟਦੇ ਵਿਅਕਤੀ ਨੂੰ ਆਟੋ-ਡਿਟੈਕਟ ਕਰ ਕੇ ਚਾਲਾਨ ਜਨਰੇਟ ਹੋ ਜਾਂਦਾ ਹੈ।
ਦਿੱਲੀ : 2024 ’ਚ ਏਆਈ ਨਾਲ ਬਿਨਾਂ ਮਨਜ਼ੂਰੀ ਬਣੇ ਡੰਪਾਂ ਦੀ ਪਛਾਣ ਸ਼ੁਰੂ ਕੀਤੀ। ਡਰੋਨ ਵਾਹਨ ਮਾਊਂਟਡ ਕੈਮਰਾ ਰੋਜ਼ ਸਵੇਰੇ 6 ਵਜੇ ਤੋਂ ਪਹਿਲਾਂ ਸ਼ਹਿਰ ਨੂੰ ਸਕੈਨ ਕਰਦਾ ਹੈ।