ਏਜੀਆਈ ਇੰਫਰਾ ਬਾਸਕਟਬਾਲ ਨੂੰ ਕਰੇਗਾ ਪ੍ਰਮੋਟ
ਏਜੀਆਈ ਇਨਫਰਾ ਲਿਮਿਟਿਡ ਰਾਜ ’ਚ ਵੱਡੇ ਪੱਧਰ ’ਤੇ ਬਾਸਕਟਬਾਲ ਨੂੰ ਪ੍ਰਮੋਟ ਕਰੇਗਾ
Publish Date: Fri, 24 Apr 2026 07:44 PM (IST)
Updated Date: Fri, 24 Apr 2026 07:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਨੇ ਸੂਬੇ ’ਚ ਬਾਸਕਟਬਾਲ ਨੂੰ ਵੱਡੇ ਪੱਧਰ ’ਤੇ ਪ੍ਰਮੋਟ ਕਰਨ ਦਾ ਫੈਸਲਾ ਕੀਤਾ ਹੈ। ਏਜੀਆਈ ਇੰਫਰਾ ਲਿਮਟਿਡ ਦੇ ਐੱਮਡੀ ਸੁਖਦੇਵ ਸਿੰਘ, ਏਜੀਆਈ ਇੰਫਰਾਸਟਰਕਚਰ ਦੇ ਡਾਇਰੈਕਟਰ ਵਰਿੰਦਰ ਸਿੰਘ ਤੇ ਏਜੀਆਈ ਮੈਜੈਸਟਿਕ ਦੇ ਐੱਮਡੀ ਅਭਿਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਨੌਜਵਾਨਾਂ ਲਈ ਆਧੁਨਿਕ ਤੇ ਅੰਤਰਰਾਸ਼ਟਰੀ ਪੱਧਰ ਦੇ ਬਾਸਕਟਬਾਲ ਕੋਰਟ ਤਿਆਰ ਕੀਤੇ ਜਾਣਗੇ। ਇਸ ਨਾਲ ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਮਿਲਣਗੀਆਂ। ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਦੇ ਐੱਮਡੀ ਤੇ ਕੌਮਾਂਤਰੀ ਪੱਧਰ ਦੇ ਖੇਡ ਪ੍ਰਬੰਧਕ ਤੇ ਪ੍ਰਮੋਟਰ ਸੁਰਿੰਦਰ ਭੰਬਰੀ ਨੇ ਦੱਸਿਆ ਕਿ ਜਲੰਧਰ ਹਾਈਟਸ-1, 66 ਫੁੱਟ ਰੋਡ, ਜਲੰਧਰ ’ਚ ਅੰਤਰਰਾਸ਼ਟਰੀ ਪੱਧਰ ਦਾ ਸਿੰਥੈਟਿਕ ਬਾਸਕਟਬਾਲ ਕੋਰਟ ਬਣਾਇਆ ਜਾ ਰਿਹਾ ਹੈ। ਇਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਹ ਲਗਭਗ 15 ਦਿਨਾਂ ’ਚ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰ ਰਿਹਾਇਸ਼ੀ ਪ੍ਰੋਜੈਕਟਾਂ ’ਚ ਵੀ ਇਸੇ ਤਰ੍ਹਾਂ ਦੇ ਕੋਰਟ ਬਣਨਗੇ। ਇਨ੍ਹਾਂ ਮੈਦਾਨਾਂ ’ਤੇ ਸੰਬੰਧਤ ਬਾਸਕਟਬਾਲ ਐਸੋਸੀਏਸ਼ਨਾਂ ਦੀ ਮਦਦ ਨਾਲ ਅਧਿਕਾਰਿਕ ਟੂਰਨਾਮੈਂਟ ਤੇ ਚੈਂਪੀਅਨਸ਼ਿਪ ਕਰਵਾਈਆਂ ਜਾਣਗੀਆਂ। ਏਜੀਆਈ ਇੰਫਰਾ ਲਿਮਟਿਡ ਪਹਿਲਾਂ ਵੀ ਲੁਧਿਆਣਾ ’ਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦੇ ਪ੍ਰਬੰਧਨ ’ਚ ਵੱਡੇ ਪੱਧਰ ’ਤੇ ਹਿੱਸਾ ਲੈ ਚੁੱਕੀ ਹੈ। ਇਸ ਪਹਿਲ ਨਾਲ ਨਾ ਸਿਰਫ ਖੇਡਾਂ ਨੂੰ ਹੁਲਾਰਾ ਮਿਲੇਗਾ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਪ੍ਰੇਰਨਾ ਮਿਲੇਗੀ।