ਏਜੀਆਈ ਗਲੋਬਲ ਸਕੂਲ ਨੇ ਮਦਰਜ਼-ਡੇ ਮਨਾਇਆ
ਏਜੀਆਈ ਗਲੋਬਲ ਸਕੂਲ ਵੱਲੋਂ ਮਦਰਜ਼ ਡੇ ਉਤਸ਼ਾਹ ਨਾਲ ਮਨਾਇਆ
Publish Date: Sun, 10 May 2026 07:56 PM (IST)
Updated Date: Mon, 11 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ’ਚ ਮਦਰਜ਼-ਡੇ ਬੜੇ ਪਿਆਰ, ਸਨਮਾਨ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਉਦੇਸ਼ ਮਾਵਾਂ ਦੇ ਨਿਸ਼ਕਾਮ ਪਿਆਰ, ਤਿਆਗ ਤੇ ਬੱਚਿਆਂ ਦੇ ਭਵਿੱਖ ਨਿਰਮਾਣ ’ਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਸਨਮਾਨ ਦੇਣਾ ਸੀ। ਇਸ ਮੌਕੇ ਮਾਵਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਸਕੂਲ ਦਾ ਮਾਹੌਲ ਖੁਸ਼ੀ ਤੇ ਉਮੰਗ ਨਾਲ ਭਰਿਆ ਰਿਹਾ। ਵਿਦਿਆਰਥੀਆਂ ਵੱਲੋਂ ਮਾਵਾਂ ਨੂੰ ਸਮਰਪਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਨ੍ਹਾਂ ’ਚ ਗੀਤ, ਨਾਚ, ਕਵਿਤਾਵਾਂ ਤੇ ਨਾਟਿਕਾਵਾਂ ਸ਼ਾਮਲ ਸਨ। ਬੱਚਿਆਂ ਦੀਆਂ ਭਾਵੁਕ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਮਾਗਮ ਦੌਰਾਨ ਮਾਵਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਮਾਵਾਂ ਨੇ ਇਨ੍ਹਾਂ ਵਿੱਚ ਖੁਸ਼ਦਿਲੀ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਗਤੀਵਿਧੀਆਂ ਨੇ ਮਾਵਾਂ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਮਾਵਾਂ ਦੇ ਪਿਆਰ, ਸਹਿਯੋਗ ਤੇ ਪਰਿਵਾਰ ਤੇ ਸਮਾਜ ਪ੍ਰਤੀ ਯੋਗਦਾਨ ਦੀ ਸਰਾਹਨਾ ਕੀਤੀ। ਹਰਲੀਨ ਮੋਹੰਤੀ ਨੇ ਕਿਹਾ ਕਿ ਮਾਂ ਹਰ ਬੱਚੇ ਦੀ ਪਹਿਲੀ ਅਧਿਆਪਕ ਤੇ ਸਭ ਤੋਂ ਵੱਡੀ ਪ੍ਰੇਰਣਾ ਹੁੰਦੀ ਹੈ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਪਰਿਵਾਰਕ ਮੁੱਲਾਂ ਤੇ ਸਰਵਪੱਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਰਹੇਗਾ। ਸਮਾਗਮ ਦੇ ਅੰਤ ’ਚ ਮਾਵਾਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਧੰਨਵਾਦ ਕੀਤਾ ਗਿਆ। ਇਹ ਸਮਾਰੋਹ ਸਾਰਿਆਂ ਲਈ ਯਾਦਗਾਰ ਤੇ ਭਾਵੁਕ ਪਲ ਛੱਡ ਗਿਆ।