ਏਜੀਆਈ ਕ੍ਰਿਕਟ ਐਕਸੀਲੈਂਸ ਸੈਂਟਰ ਆਧੁਨਿਕ ਸਹੂਲਤਾਂ ਨਾਲ ਖਿਡਾਰੀਆਂ ਲਈ ਤਿਆਰ
ਏਜੀਆਈ ਕ੍ਰਿਕਟ ਐਕਸੀਲੈਂਸ ਸੈਂਟਰ ਆਧੁਨਿਕ ਸਹੂਲਤਾਂ ਨਾਲ ਖਿਡਾਰੀਆਂ ਲਈ ਤਿਆਰ
Publish Date: Sun, 17 May 2026 09:04 PM (IST)
Updated Date: Mon, 18 May 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ਦੇ ਖੇਡ ਮੈਦਾਨ ’ਚ ਤਿਆਰ ਕੀਤਾ ਗਿਆ ਏਜੀਆਈ ਕ੍ਰਿਕਟ ਐਕਸੀਲੈਂਸ ਸੈਂਟਰ ਹੁਣ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤੇ ਇਹ 18 ਮਈ 2026 ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਂਟਰ ਦਾ ਮੁੱਖ ਉਦੇਸ਼ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਆਧੁਨਿਕ ਢੰਗ ਨਾਲ ਕ੍ਰਿਕਟ ਦੀ ਉੱਚ ਪੱਧਰੀ ਟ੍ਰੇਨਿੰਗ ਦੇਣਾ ਹੈ ਤਾਂ ਜੋ ਉਹ ਭਵਿੱਖ ’ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣ ਸਕਣ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਅਤੇ ਏ.ਜੀ.ਆਈ ਮੈਜੈਸਟਿਕ ਲਿਵਿੰਗ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਅਭਿਜੀਤ ਸਿੰਘ ਨੇ ਦੱਸਿਆ ਕਿ ਸੈਂਟਰ ਵਿੱਚ ਖਿਡਾਰੀਆਂ ਲਈ ਆਧੁਨਿਕ ਕ੍ਰਿਕਟ ਸਹੂਲਤਾਂ ਤਿਆਰ ਕੀਤੀਆਂ ਗਈਆਂ ਹਨ। ਇੱਥੇ ਦੋ ਮਿੱਟੀ ਦੀਆਂ ਟਰਫ ਪਿੱਚਾਂ, ਇੱਕ ਕਾਂਕਰੀਟ ਪਿੱਚ ਅਤੇ ਇੱਕ ਸਿੰਥੈਟਿਕ ਪਿੱਚ ਉਪਲਬਧ ਹੈ, ਜਿਸ ਨਾਲ ਖਿਡਾਰੀ ਹਰ ਕਿਸਮ ਦੀ ਪਿੱਚ ‘ਤੇ ਅਭਿਆਸ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਆਧੁਨਿਕ ਫਲੱਡਲਾਈਟਾਂ ਨਾਲ ਵੱਡਾ ਬਾਕਸ ਕ੍ਰਿਕਟ ਅਰੀਨਾ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਖਿਡਾਰੀ ਦਿਨ ਅਤੇ ਰਾਤ ਦੋਵੇਂ ਸਮਿਆਂ ਵਿੱਚ ਟ੍ਰੇਨਿੰਗ ਕਰ ਸਕਣਗੇ। ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਵਾਸ਼ਰੂਮ, ਚੇਂਜਿੰਗ ਰੂਮ ਅਤੇ ਪੈਂਟਰੀ ਦੀ ਵੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਜਲੰਧਰ ਹਾਈਟਸ ਕ੍ਰਿਕਟ ਕਲੱਬ ਦੇ ਸਕੱਤਰ ਅਰੁਣ ਭਾਂਬਰੀ ਨੇ ਕਿਹਾ ਕਿ ਸੈਂਟਰ ਵਿੱਚ ਤਜਰਬੇਕਾਰ ਕੋਚ ਨਿਯੁਕਤ ਕੀਤੇ ਗਏ ਹਨ ਜੋ ਖਿਡਾਰੀਆਂ ਨੂੰ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਟ੍ਰੇਨਿੰਗ ਦੇਣਗੇ। ਸੈਂਟਰ ਦੇ ਇੰਚਾਰਜ ਅਤੇ ਕੋਚ ਪਰਾਗ ਸ਼ਰਮਾ ਨੇ ਦੱਸਿਆ ਕਿ ਖਿਡਾਰੀਆਂ ਨੂੰ ਆਧੁਨਿਕ ਮਸ਼ੀਨਾਂ ਤੇ ਤਕਨੀਕਾਂ ਰਾਹੀਂ ਟ੍ਰੇਨਿੰਗ ਦਿੱਤੀ ਜਾਵੇਗੀ। ਬਾਲਿੰਗ ਮਸ਼ੀਨ ਦੀ ਮਦਦ ਨਾਲ ਬੱਲੇਬਾਜ਼ਾਂ ਦੀ ਪ੍ਰੈਕਟਿਸ ਕਰਵਾਈ ਜਾਵੇਗੀ ਤੇ ਖਿਡਾਰੀਆਂ ਦੀ ਫਿਟਨੈੱਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਪਰਫਾਰਮੈਂਸ ਦੀ ਵੀਡੀਓ ਵਿਸ਼ਲੇਸ਼ਣ ਕੀਤੀ ਜਾਵੇਗੀ ਤਾਂ ਜੋ ਕਮੀਆਂ ਦੀ ਪਛਾਣ ਕਰ ਕੇ ਸੁਧਾਰ ਕੀਤਾ ਜਾ ਸਕੇ। ਸਮੇਂ-ਸਮੇਂ ’ਤੇ ਵਰਕਸ਼ਾਪਾਂ ਅਤੇ ਗਾਈਡੈਂਸ ਸੈਸ਼ਨ ਵੀ ਕਰਵਾਏ ਜਾਣਗੇ। ਸੁਖਦੇਵ ਸਿੰਘ ਤੇ ਸੰਸਥਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਸਿੰਘ ਨੇ ਸੈਂਟਰ ਦੀ ਸ਼ੁਰੂਆਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੈਂਟਰ ਇਲਾਕੇ ਦੇ ਨੌਜਵਾਨਾਂ ਲਈ ਖੇਡਾਂ ਦੇ ਖੇਤਰ ਵਿੱਚ ਨਵੀਆਂ ਮੰਜ਼ਿਲਾਂ ਖੋਲ੍ਹੇਗਾ ਤੇ ਇਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।