ਬਿਨਾਂ ਮਨਜ਼ੂਰੀ ਦੇ ਫਲੈਕਸ ਲਾਉਣ ਵਾਲੀਆਂ ਏਜੰਸੀਆਂ ’ਤੇ ਹੋਵੇਗਾ ਪਰਚਾ
ਬਿਨਾ ਮਨਜ਼ੂਰੀ ਦੇ ਯੂਨੀਪੋਲ ਤੇ ਫਲੈਕਸ ਲਾਉਣ ਵਾਲੀ ਵਿਗਿਆਪਨ ਏਜੰਸੀ ਤੇ ਹੋਵੇਗੀ ਐਫਆਈਆਰ
Publish Date: Tue, 05 May 2026 07:30 PM (IST)
Updated Date: Tue, 05 May 2026 07:32 PM (IST)
ਸੰਯੁਕਤ ਕਮਿਸ਼ਨਰ ਡਾ: ਸੁਮਨਦੀਪ ਕੌਰ ਨੇ ਦਿੱਤੀ ਚਿਤਾਵਨੀ, ਠੇਕੇ ’ਤੇ ਦਿੱਤੇ ਹਨ 264 ਯੂਨੀਪੋਲ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਨੇ ਇਸ਼ਤਿਹਾਰ ਏਜੰਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਬਿਨਾਂ ਮਨਜ਼ੂਰੀ ਦੇ ਯੂਨੀਪੋਲਾਂ ’ਤੇ ਫਲੈਕਸ ਬੋਰਡ ਲਾਏਗੀ ਤਾਂ ਉਸ ਖਿਲਾਫ ਐੱਫਆਈਆਰ ਦਰਜ ਕਰਵਾਈ ਜਾਏਗੀ। ਇਹ ਚਿਤਾਵਨੀ ਮੰਗਲਵਾਰ ਨੂੰ ਇਸ਼ਤਿਹਾਰ ਏਜੰਸੀ ਹੋਲਡਰਾਂ ਦੀ ਸੱਦੀ ਗਈ ਮੀਟਿੰਗ ਦੌਰਾਨ ਸੰਯੁਕਤ ਕਮਿਸ਼ਨਰ ਡਾ: ਸੁਮਨਦੀਪ ਕੌਰ ਨੇ ਦਿੱਤੀ। ਮੀਟਿੰਗ ’ਚ ਇਸ਼ਤਿਹਾਰ ਦੇ ਬਰਾਂਚ ਸੁਪਰਡੈਂਟ ਮਨਦੀਪ ਸਿੰਘ ਅਤੇ ਬਰਾਂਚ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਏਜੰਸੀ ਹੋਲਡਰ ਸ਼ਾਮਲ ਸਨ। ਮੀਟਿੰਗ ਦੌਰਾਨ ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਜਿਹੜੀਆਂ ਵੀ ਇਸ਼ਤਿਹਾਰ ਏਜੰਸੀਆਂ ਯੂਨੀਪੋਲਾਂ ’ਤੇ ਧਾਰਮਿਕ ਜਾਂ ਸਮਾਜਿਕ ਇਸ਼ਤਿਹਾਰ ਲਾਉਣਗੀਆਂ ਉਨ੍ਹਾਂ ਨੂੰ ਆਪਣੇ ਏਜੰਸੀ ਦਾ ਨਾਂ ਅਤੇ ਮੋਬਾਈਲ ਨੰਬਰ ਦੇ ਛਾਪਣਾ ਪਵੇਗਾ। ਇਕ ਘੰਟੇ ਤੋਂ ਵੱਧ ਚੱਲੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ਼ਤਿਹਾਰ ਸਬੰਧੀ ਜਿਹੜੇ ਨਿਯਮ ਬਣਾਏ ਗਏ ਹਨ, ਉਨ੍ਹਾਂ ’ਤੇ ਅਮਲ ਕਰਨਾ ਲਾਜ਼ਮੀ ਹੋਵੇਗਾ। ਇਸ ਦੌਰਾਨ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਵੀ ਏਜੰਸੀਆਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਪਹਿਲਾਂ ਵਾਲੀਆਂ ਮਨਮਾਨੀਆਂ ਨਹੀਂ ਚੱਲਣਗੀਆਂ, ਉਹ ਆਪਣੇ ਸਟਾਫ ਨੂੰ ਸਰਕਾਰ ਦੀ ਪਾਲਿਸੀ ਬਾਰੇ ਜਾਣੂ ਕਰਵਾਉਣ।
264 ਯੂਨੀਪੋਲਾਂ ਦਾ 16 ਕਰੋੜ ਦਾ ਠੇਕਾ : ਨਗਰ ਨਿਗਮ ਦੀ ਇਸ਼ਤਿਹਾਰ ਸ਼ਾਖਾ ਨੇ ਸਾਲਾਨਾ ਟੈਂਡਰ ਲਾ ਕੇ ਇਸ਼ਤਿਹਾਰ ਏਜੰਸੀਆਂ ਨੂੰ 264 ਯੂਨੀਪੋਲਾਂ ਦਾ 16 ਕਰੋੜ ਦਾ ਸਾਲਾਨਾ ਠੇਕਾ ਦਿੱਤਾ ਹੋਇਆ ਹੈ ਤੇ ਹਰ ਏਜੰਸੀ ਨੇ ਆਪਣੇ ਹਿਸਾਬ ਨਾਲ ਯੂਨੀਪੋਲਾਂ ਦੇ ਠੇਕੇ ਲੈ ਰੱਖੇ ਹਨ। ਕਮਿਸ਼ਨਰ ਨੇ ਏਜੰਸੀਆਂ ਦੇ ਆਏ ਪ੍ਰਬੰਧਕਾਂ ਨੂੰ ਸਰਕਾਰੀ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਸਹਿਯੋਗ ਦੇਣ ਦੀ ਅਪੀਲ ਕੀਤੀ।