ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ’ਚ ਪਾਰਟੀਆਂ ਵੱਲੋਂ ਜਿੱਤ ਦੇ ਦਾਅਵੇ
ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ’ਚ ਜਿੱਤ ਦੇ ਦਾਵੇ ’ਤੇ
Publish Date: Tue, 05 May 2026 09:48 PM (IST)
Updated Date: Tue, 05 May 2026 09:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ ’ਚ ਵਿਧਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਭਾਜਪਾਈਆਂ ਨੇ ਹੁਣ ਪੰਜਾਬ ਦੀ ਵਾਰੀ ਦੱਸਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇਤਾਵਾਂ ਦੇ ਅਜਿਹੇ ਬਿਆਨਾਂ ਦੇ ਜਵਾਬ ਵਿੱਚ ਆਪ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਮਜ਼ਬੂਤ ਹੈ ਅਤੇ ਲੋਕ-ਹਿੱਤ ਦੀਆਂ ਨੀਤੀਆਂ ਕਾਰਨ ਉਹ ਸੁਰੱਖਿਅਤ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਖੁਸ਼ ਨਜ਼ਰ ਆ ਰਹੇ ਹਨ, ਜਦਕਿ ਹੋਰ ਪਾਰਟੀਆਂ ਦੇ ਨੇਤਾ ਭਾਜਪਾ ’ਤੇ ਧੱਕੇਸ਼ਾਹੀ ਦੇ ਦੋਸ਼ ਲਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਦਾ ਖੇਤਰੀ ਪਾਰਟੀ ’ਤੇ ਵੱਧ ਭਰੋਸਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ---------------------------------- ਪੰਜਾਬ ’ਚ ਵੀ ਬਦਲਾਅ ਲਈ ਭਾਜਪਾ ਸਰਕਾਰ ਦੀ ਲੋੜ : ਸੁਸ਼ੀਲ ਸ਼ਰਮਾ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਭਾਜਪਾ ਹੁਣ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਟਿਕਾਈ ਬੈਠੀ ਹੈ। ਕੋਸ਼ਿਸ਼ ਇਹ ਹੈ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਵਿੱਚ ਵੀ ਪਹਿਲੀ ਵਾਰ ਕਮਲ ਖਿੜਾਇਆ ਜਾਵੇ। ਇਸ ਸਬੰਧੀ ਜਲੰਧਰ ਸ਼ਹਿਰੀ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰਾਜ ਕੋਈ ਵੀ ਹੋਵੇ, ਵਿਕਾਸ ਦਾ ਮਾਡਲ ਹਰ ਥਾਂ ਕਾਮਯਾਬ ਹੁੰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਿਕਾਸਮੁੱਖੀ ਕੰਮ ਅਤੇ ਜਨਕਲਿਆਣਕਾਰੀ ਯੋਜਨਾਵਾਂ ਨੂੰ ਜਲੰਧਰ ਸਮੇਤ ਪੰਜਾਬ ਦੇ ਘਰ-ਘਰ ਤੱਕ ਲੈ ਕੇ ਜਾਇਆ ਜਾਵੇਗਾ। ਜ਼ਿਲ੍ਹੇ ਵਿੱਚ ਮੰਡਲ ਪੱਧਰ ’ਤੇ ਸੰਗਠਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਨਾਲ ਹੀ ਸਥਾਨਕ ਮੁੱਦਿਆਂ ਨੂੰ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਸੀਐੱਮ ਮਮਤਾ ਬੈਨਰਜੀ ਦੀ ਸਰਕਾਰ ਦੌਰਾਨ ਲੋਕ ਡਰ ਦੇ ਮਾਹੌਲ ਵਿੱਚ ਜੀਅ ਰਹੇ ਸਨ, ਜਿਸ ਤੋਂ ਭਾਜਪਾ ਨੇ ਆਜ਼ਾਦੀ ਦਿਵਾਈ। ਪੰਜਾਬ ਵਿੱਚ ਵੀ ਅਜਿਹਾ ਹੀ ਹਾਲ ਹੈ, ਜਿੱਥੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਵਿਧਾਨ ਸਭਾ ਵਿੱਚ ਅਕਸਰ ਨਵੇਂ ਕਿਰਦਾਰ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਇਸ ਵੇਲੇ ਪੁਲਿਸ ਰਾਜ ਬਣ ਚੁੱਕਾ ਹੈ ਅਤੇ ਕਾਨੂੰਨ-ਵਿਵਸਥਾ, ਸਿਹਤ, ਸਿੱਖਿਆ ਤੇ ਸ਼ਹਿਰੀ ਵਿਕਾਸ ਬਦਹਾਲੀ ਦਾ ਸ਼ਿਕਾਰ ਹਨ। ਇਸ ਲਈ ਭਾਜਪਾ ਦੀ ਸਰਕਾਰ ਬਣਨ ਨਾਲ ਹੀ ਪੰਜਾਬ ਨੂੰ ਇਸ ਹਾਲਤ ਤੋਂ ਬਚਾਇਆ ਜਾ ਸਕਦਾ ਹੈ। --------------------------- ਪੰਜਾਬ ਦਾ ਸਿਆਸੀ ਮਿਜ਼ਾਜ ਬੰਗਾਲ ਤੋਂ ਵੱਖਰਾ : ਢੀਂਡਸਾ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਜਿੱਤ ’ਤੇ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਸਿਆਸੀ ਮਿਜ਼ਾਜ ਬੰਗਾਲ ਤੋਂ ਬਿਲਕੁਲ ਵੱਖਰਾ ਹੈ, ਇਸ ਕਰਕੇ ਇੱਥੇ ਇਸ ਦਾ ਵੱਡਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਬੰਗਾਲ ਵਰਗੇ ਸੂਬੇ ਨੂੰ ਚਲਾਕੀਆਂ ਨਾਲ ਜਿੱਤਿਆ ਜਾ ਸਕਦਾ ਹੈ ਪਰ ਪੰਜਾਬ ਦੇ ਲੋਕ ਖੇਤਰੀ ਪਾਰਟੀ ਸ਼ਿਅਦ ਬਾਦਲ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹਨ। ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਅਤੇ ਕੁਸ਼ਾਸਨ ਕਾਰਨ ਲੋਕਾਂ ਦਾ ਰੁਝਾਨ ਸ਼ਿਅਦ ਵੱਲ ਵੱਧ ਰਿਹਾ ਹੈ। ਭਾਜਪਾ ਲਈ ਇਕੱਲੇ ਚੋਣ ਲੜਨਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਗਲਤ ਕੰਮਾਂ ਵਿੱਚ ਸ਼ਾਮਲ ਲੋਕਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਪੰਥਕ ਏਕਤਾ ਤੇ ਵਿਕਾਸ ਦੇ ਮੁੱਦਿਆਂ ’ਤੇ ਪਾਰਟੀ ਚੋਣ ਮੈਦਾਨ ਵਿੱਚ ਉਤਰੇਗੀ। ਜ਼ਿਲ੍ਹੇ ਦੀਆਂ ਚਾਰ ਸ਼ਹਿਰੀ ਵਿਧਾਨ ਸਭਾ ਸੀਟਾਂ ’ਤੇ ਸੰਗਠਨ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਬੂਥ ਪੱਧਰ ਤੱਕ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤੇ ਮਹਿਲਾ ਰਿਜ਼ਰਵੇਸ਼ਨ ਨੂੰ ਜ਼ਮੀਨੀ ਹਕੀਕਤ ਬਣਾਉਣ ਦੀ ਲੋੜ ਹੈ। ------------------------- ਭਾਜਪਾ ਦੀ ਬੰਗਾਲ ਜਿੱਤ ਧੱਕੇਸ਼ਾਹੀ ਨਾਲ ਹੋਈ : ਬੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਜਿੱਤ ਪੈਸੇ ਅਤੇ ਕੇਂਦਰੀ ਸੱਤਾ ਦੇ ਜ਼ੋਰ ’ਤੇ ਹਾਸਲ ਕੀਤੀ ਹੈ। ਚੋਣਾਂ ਤੋਂ ਪਹਿਲਾਂ ਹੀ ਬੰਗਾਲ ਵਿੱਚ 91 ਲੱਖ ਵੋਟ ਕਟਵਾ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਪੰਜਾਬ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇੱਥੇ ਦੇ ਲੋਕ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ। ਕੇਰਲ ਵਿੱਚ ਕਾਂਗਰਸ ਦੀ ਜਿੱਤ ਨਾਲ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਅਤੇ ਇਸਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਪਾਰਟੀ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਨ ਲਈ ਹਾਈ ਕਮਾਨ ਸੁਚੇਤ ਹੈ ਅਤੇ ਸੰਗਠਨ ਮਜ਼ਬੂਤ ਕਰਨ ਲਈ ਬੂਥ ਪੱਧਰ ਤੱਕ ਟੀਮਾਂ ਬਣਾਈਆਂ ਜਾ ਰਹੀਆਂ ਹਨ। --------------------------- ‘ਆਪ’ ਦੀ ਤਿਆਰੀ ਮਜ਼ਬੂਤ : ਅੰਮ੍ਰਿਤਪਾਲ ਸਿੰਘ ਬੰਗਾਲ ਚੋਣਾਂ ਤੋਂ ਬਾਅਦ ਭਾਜਪਾ ਦਾ ਮਿਸ਼ਨ ਪੰਜਾਬ ਵਿੱਚ ਕਾਮਯਾਬ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਘਰ-ਘਰ ਤੱਕ ਪਹੁੰਚ ਚੁੱਕੀ ਹੈ, ਜਿਸ ਨੂੰ ਲੋਕ ਭੁੱਲ ਨਹੀਂ ਸਕਦੇ। ਬੰਗਾਲ ਦੀ ਜਿੱਤ ਦਾ ਪੰਜਾਬ ’ਤੇ ਕੋਈ ਅਸਰ ਨਹੀਂ ਪਵੇਗਾ, ਇਹ ਸਿਰਫ ਡਰ ਦੀ ਰਾਜਨੀਤੀ ਕਰਦੇ ਹਨ। ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਪੂਰੀਆਂ ਤਿਆਰੀਆਂ ਹਨ। ਹੇਠਲੇ ਪੱਧਰ ’ਤੇ ਕੰਮ ਜਾਰੀ ਹੈ ਅਤੇ ਆਬਜ਼ਰਵਰ ਲੋਕਾਂ ਨਾਲ ਜੁੜੇ ਹੋਏ ਹਨ। ਪਾਰਟੀ ਦੇ ਏਜੰਡੇ ਅਨੁਸਾਰ ਲੋਕ-ਹਿੱਤ ਵਿੱਚ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਅਤੇ 10 ਲੱਖ ਤੱਕ ਦਾ ਮੁੱਖ ਮੰਤਰੀ ਸਿਹਤ ਬੀਮਾ ਕਿਸੇ ਹੋਰ ਰਾਜ ਵਿੱਚ ਨਹੀਂ। ਇਸ ਤੋਂ ਇਲਾਵਾ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਯੋਜਨਾ ਵੀ ਲਾਗੂ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਚੋਣਾਂ ਵਿੱਚ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਾਰਟੀ ਦਾ ਸੰਗਠਨ ਮਜ਼ਬੂਤ ਹੈ ਅਤੇ ਬੂਥ ਪੱਧਰ ’ਤੇ ਵੱਡਾ ਕੇਡਰ ਮੌਜੂਦ ਹੈ।