ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲੇ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲੇ ਸ਼ੁਰੂ
Publish Date: Mon, 20 Apr 2026 08:13 PM (IST)
Updated Date: Mon, 20 Apr 2026 08:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਵੱਲੋਂ ਅਕਾਦਮਿਕ ਸੈਸ਼ਨ 2026–27 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਾਲਜ ਪ੍ਰਸ਼ਾਸਨ ਮੁਤਾਬਕ ਵਿਦਿਆਰਥੀਆਂ ਲਈ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਪੱਧਰ ’ਤੇ ਆਧੁਨਿਕ ਤੇ ਰੁਜ਼ਗਾਰ-ਕੇਂਦਰਿਤ ਕੋਰਸ ਉਪਲੱਬਧ ਕਰਵਾਏ ਜਾ ਰਹੇ ਹਨ। ਅੰਡਰਗ੍ਰੈਜੂਏਟ ਪੱਧਰ ’ਤੇ ਬੀ-ਕਾਮ, ਬੀ-ਕਾਮ (ਐੱਫਐੱਸ), ਬੀਸੀਏ, ਬੀ-ਵਾਕ (ਈ-ਕਾਮਰਸ ਤੇ ਡਿਜ਼ੀਟਲ ਮਾਰਕੀਟਿੰਗ) ਤੇ ਬੀ-ਵਾਕ (ਜਰਨਲਿਜ਼ਮ ਤੇ ਮੀਡੀਆ) ਕੋਰਸਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਤਕਨੀਕੀ ਤੇ ਪ੍ਰਯੋਗਿਕ ਗਿਆਨ ਦੇ ਨਾਲ ਨੌਕਰੀ ਦੇ ਖੇਤਰ ਲਈ ਤਿਆਰ ਕਰਦੇ ਹਨ। ਇਸ ਤੋਂ ਇਲਾਵਾ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮਾਂ ਜਿਵੇਂ ਐੱਮਬੀਏ, ਐੱਮ-ਕਾਮ (ਡਾਟਾ ਐਨਾਲਿਟਿਕਸ) ਤੇ ਐੱਮਸੀਏ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀ ਇੱਕੋ ਸੰਸਥਾ ’ਚ ਲਗਾਤਾਰ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ। ਪੋਸਟਗ੍ਰੈਜੂਏਟ ਪੱਧਰ ’ਤੇ ਐੱਮਸੀਏ, ਐੱਮਬੀਏ ਤੇ ਐੱਮਏ ਪੰਜਾਬੀ ਦੇ ਕੋਰਸਾਂ ’ਚ ਵੀ ਦਾਖਲੇ ਖੁੱਲ੍ਹੇ ਹਨ। ਕਾਲਜ ਆਪਣੀ ਯੋਗ ਫੈਕਲਟੀ, ਆਧੁਨਿਕ ਲੈਬਾਂ, ਲਾਇਬ੍ਰੇਰੀ ਤੇ ਅਕਾਦਮਿਕ ਮਾਹੌਲ ਲਈ ਜਾਣਿਆ ਜਾਂਦਾ ਹੈ। ਇੱਥੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਵਰਕ ਤੇ ਇੰਡਸਟਰੀ ਐਕਸਪੋਜ਼ਰ ਵੀ ਦਿੱਤਾ ਜਾਂਦਾ ਹੈ, ਨਾਲ ਹੀ ਸਮੇਂ-ਸਮੇਂ ’ਤੇ ਸੈਮੀਨਾਰ ਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਏ ਜਾਂਦੇ ਹਨ। ਓਐੱਸਡੀ/ਪ੍ਰਿੰਸੀਪਲ ਨਵਜੋਤ ਨੇ ਦੱਸਿਆ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਮਿਆਰੀ ਤੇ ਕਰੀਅਰ-ਉਰੀਐਂਟਡ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਲਦੀ ਦਾਖਲਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸੀਟਾਂ ਸੀਮਿਤ ਹਨ ਤੇ ਦਾਖਲੇ “ਪਹਿਲਾਂ ਆਓ, ਪਹਿਲਾਂ ਪਾਓ” ਆਧਾਰ ’ਤੇ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਾਖਲੇ ਦੀ ਪ੍ਰਕਿਰਿਆ ਸੌਖੀ ਬਣਾਈ ਗਈ ਹੈ ਤੇ ਕਾਲਜ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਵਿਦਿਆਰਥੀ ਕਾਲਜ ਦੀ ਅਧਿਕਾਰਿਤ ਵੈੱਬਸਾਈਟ ਜਾਂ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।