ਨਕੋਦਰ ’ਚ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ, ਦੁਕਾਨਦਾਰਾਂ ਨੂੰ ਆਖ਼ਰੀ ਚਿਤਾਵਨੀ
ਨਕੋਦਰ ’ਚ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਦੁਕਾਨਦਾਰਾਂ ਨੂੰ ਅੰਤਿਮ ਚੇਤਾਵਨੀ
Publish Date: Wed, 29 Apr 2026 11:09 PM (IST)
Updated Date: Wed, 29 Apr 2026 11:13 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਸ਼ਹਿਰ ਵਿਚ ਵਧ ਰਹੇ ਗੈਰ-ਕਾਨੂੰਨੀ ਕਬਜ਼ਿਆਂ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਵੱਡੀ ਮੁਹਿੰਮ ਚਲਾਈ। ਲਗਪਗ ਚਾਰ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਐੱਸਡੀਐੱਮ ਸਿਮਰਨਜੀਤ ਸਿੰਘ, ਨਗਰ ਕੌਂਸਲ ਦੇ ਈਓ ਰਣਧੀਰ ਸਿੰਘ, ਡੀਐੱਸਪੀ ਓਂਕਾਰ ਸਿੰਘ ਬਰਾੜ ਤੇ ਪੁਲਿਸ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ। ਪ੍ਰਸ਼ਾਸਨਿਕ ਟੀਮ ਜਦੋਂ ਸਬਜ਼ੀ ਮੰਡੀ ਪੁੱਜੀ ਤਾਂ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ 15 ਤੋਂ 20 ਫੁੱਟ ਤੱਕ ਕਬਜ਼ੇ ਕੀਤੇ ਹੋਏ ਮਿਲੇ, ਜਿਸ ਕਾਰਨ ਪੈਦਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਐੱਸਡੀਐੱਮ ਨੇ ਦੁਕਾਨਦਾਰਾਂ ਨੂੰ ਤੁਰੰਤ ਸਾਮਾਨ ਅੰਦਰ ਕਰਨ ਦੇ ਹੁਕਮ ਦਿੱਤੇ ਤੇ ਸਪੱਸ਼ਟ ਕੀਤਾ ਕਿ ਕੱਲ੍ਹ ਤੱਕ ਸਮਾਂ ਦਿੱਤਾ ਜਾਂਦਾ ਹੈ, ਨਹੀਂ ਤਾਂ ਸਾਮਾਨ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਹਿੰਮ ਦੌਰਾਨ ਕੁਝ ਸਾਬਕਾ ਕੌਂਸਲਰਾਂ ਨੇ ਦੁਕਾਨਦਾਰਾਂ ਦੇ ਹੱਕ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਕਿਸੇ ਦੀ ਵੀ ਗੱਲ ਨਾ ਮੰਨਦਿਆਂ ਸਖ਼ਤੀ ਨਾਲ ਨਿਯਮ ਲਾਗੂ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਨੂਰਮਹਿਲ ਰੋਡ ਤੇ ਜਲੰਧਰ ਰੋਡ ’ਤੇ ਬੈਂਕਾਂ ਅਤੇ ਵਪਾਰਕ ਕੰਪਲੈਕਸਾਂ ਦੇ ਬਾਹਰ ਲੱਗੇ ਵੱਡੇ ਜਨਰੇਟਰ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ। ਇਸ ਦੌਰਾਨ ਐੱਸਡੀਐੱਮ ਨੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਹੀ ਕਬਜ਼ੇ ਦੇਖ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਅਧਿਕਾਰੀਆਂ ਨੂੰ ਝਿੜਕਿਆ। ਉਨ੍ਹਾਂ ਕਿਹਾ ਕਿ ਜੇ ਦਫ਼ਤਰ ਦੇ ਬਾਹਰ ਹੀ ਕਬਜ਼ੇ ਹਨ ਤਾਂ ਸ਼ਹਿਰ ਦੇ ਹੋਰ ਹਿੱਸਿਆਂ ਤੋਂ ਕਿਵੇਂ ਹਟਾਏ ਜਾਣਗੇ। ਕਾਰਵਾਈ ਦੌਰਾਨ ਅੰਬੇਡਕਰ ਚੌਕ, ਸਿਵਲ ਹਸਪਤਾਲ ਰੋਡ, ਬਾਬਾ ਮੁਰਾਦ ਸ਼ਾਹ ਮਾਰਗ, ਰੇਲਵੇ ਰੋਡ, ਸ਼ੰਕਰ ਰੋਡ, ਨੂਰਮਹਿਲ ਰੋਡ, ਡਾਕਘਰ ਰੋਡ ਅਤੇ ਐੱਮਸੀ ਚੌਕ ਸਮੇਤ ਕਈ ਮੁੱਖ ਸੜਕਾਂ ਦੀ ਜਾਂਚ ਕੀਤੀ ਗਈ ਤੇ ਕਬਜ਼ੇ ਹਟਾਏ ਗਏ। ਐੱਸਡੀਐੱਮ ਸਿਮਰਨਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ। ਕੱਲ੍ਹ ਤੋਂ ਸੜਕਾਂ ’ਤੇ ਪਿਆ ਸਾਮਾਨ ਜ਼ਬਤ ਕੀਤਾ ਜਾਵੇਗਾ ਤੇ ਦੋਸ਼ੀਆਂ ਖ਼ਿਲਾਫ਼ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਸ਼ਹਿਰ ਵਾਸੀਆਂ ਨੇ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਲਈ ਅਜਿਹੇ ਕਦਮ ਲਾਜ਼ਮੀ ਹਨ।