ਨਕੋਦਰ ’ਚ ਟ੍ਰੈਫਿਕ ਸਮੱਸਿਆ ‘ਤੇ ਪ੍ਰਸ਼ਾਸਨ ਸਖਤ, ਅੱਜ ਤੋਂ ਸਪੈਸ਼ਲ ਮੁਹਿੰਮ ਸ਼ੁਰੂ
ਨਕੋਦਰ ’ਚ ਟ੍ਰੈਫਿਕ ਸਮੱਸਿਆ ‘ਤੇ ਪ੍ਰਸ਼ਾਸਨ ਸਖਤ, ਅੱਜ ਤੋਂ ਸਪੈਸ਼ਲ ਮੁਹਿੰਮ ਸ਼ੁਰੂ
Publish Date: Tue, 28 Apr 2026 07:38 PM (IST)
Updated Date: Wed, 29 Apr 2026 04:16 AM (IST)

ਧੀਰਜ ਮਹਵਾਹਾ, ਪੰਜਾਬੀ ਜਾਗਰਣ, ਨਕੋਦਰ : ਸ਼ਹਿਰ ’ਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਨਕੋਦਰ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਉਂਦੇ ਹੋਏ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਣਧੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫੀ ਸਮੇਂ ਤੋਂ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਸੜਕਾਂ ‘ਤੇ ਕੀਤੇ ਗਏ ਕਬਜ਼ੇ ਹਟਾਉਣ ਲਈ ਅਪੀਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਮੁਨਾਦੀ ਕਰਵਾ ਕੇ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਕਈ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਸੜਕਾਂ ‘ਤੇ ਅਣਅਧਿਕਾਰਤ ਕਬਜ਼ੇ ਜਾਰੀ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਆਰਜ਼ੀ ਇਨਕਰੋਚਮੈਂਟ ਵੀ ਕੀਤੇ ਗਏ ਹਨ। ਰਣਧੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਸੰਬੰਧਤ ਲੋਕ ਆਪਣੇ ਆਪ ਇਹ ਕਬਜ਼ੇ ਨਹੀਂ ਹਟਾਉਂਦੇ ਤਾਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਹਟਾ ਕੇ ਸਮਾਨ ਜਬਤ ਕੀਤਾ ਜਾਵੇਗਾ ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਦੇ ਕੁਝ ਮੁੱਖ ਇਲਾਕਿਆਂ ਡਾ. ਅੰਬੇਡਕਰ ਚੌਂਕ ਤੋਂ ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਂਕ ਤੋਂ ਸਬਜ਼ੀ ਮੰਡੀ, ਐੱਮਸੀ ਚੌਕ ਤੋਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਸਿਵਲ ਹਸਪਤਾਲ ਰੋਡ ’ਤੇ ਸੜਕਾਂ ਦੇ ਕਿਨਾਰੇ ਰੇਹੜੀ ਲਗਾਉਣ ’ਤੇ ਪਾਬੰਦੀ ਲਗਾਈ ਗਈ ਹੈ। ਉਲੰਘਣਾ ਕਰਨ ਵਾਲਿਆਂ ਦੀ ਰੇਹੜੀ ਜਬਤ ਕੀਤੀ ਜਾਵੇਗੀ ਤੇ ਜੁਰਮਾਨਾ ਕੀਤਾ ਜਾਵੇਗਾ। ਉਪ ਮੰਡਲ ਮੈਜਿਸਟਰੇਟ ਸਿਮਰਨਜੀਤ ਸਿੰਘ (ਪੀਸੀਐੱਸ) ਦੇ ਨਿਰਦੇਸ਼ਾਂ ਅਨੁਸਾਰ 29 ਅਪ੍ਰੈਲ 2026 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸ਼ਹਿਰ ’ਚ ਸੜਕਾਂ ’ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਪ੍ਰਸ਼ਾਸਨ ਨੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ’ਤੇ ਸਾਮਾਨ ਨਾ ਰੱਖਣ ਤੇ ਆਵਾਜਾਈ ਸੁਚਾਰੂ ਬਣਾਉਣ ਲਈ ਸਹਿਯੋਗ ਕਰਨ।