ਹੁਨਰ ਵਿਕਾਸ ਤੇ ਸਵੈ-ਰੁਜ਼ਗਾਰ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਜੋੜੋ ਨੌਜਵਾਨ : ਏਡੀਸੀ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਗਰੀਬ ਵਰਗ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਤੇ ਸਵੈ ਰੋਜ਼ਗਾਰ ਟਰੇਨਿੰਗ ਮੁਹੱਈਆ ਕਰਵਾਉਣ ‘ਤੇ ਜ਼ੋਰ
Publish Date: Tue, 05 May 2026 07:50 PM (IST)
Updated Date: Tue, 05 May 2026 07:53 PM (IST)

-ਸਾਲ 2026-27 ਦੌਰਾਨ ਵੱਖ-ਵੱਖ ਕੋਰਸਾਂ ਤਹਿਤ 1000 ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਅੱਜ ਪੇਂਡੂ ਵਿਕਾਸ ਅਤੇ ਸਵੈ ਰੁਜ਼ਗਾਰ ਟ੍ਰੇਨਿੰਗ ਸੰਸਥਾ (ਰੂਡਸੈੱਟ) ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਪਿੰਡਾਂ ਦੇ ਗਰੀਬ ਵਰਗ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਸਵੈ ਰੁਜ਼ਗਾਰ ਟ੍ਰੇਨਿੰਗ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ। ਅੱਜ ਵੱਖ-ਵੱਖ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਨਾਲ ਸਬੰਧਿਤ ਗਰੀਬ ਤੇ ਲੋੜਵੰਦ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਅਜਿਹੇ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਕੇ ਉਨ੍ਹਾਂ ਲਈ ਰੁਜ਼ਗਾਰ/ਸਵੈ ਰੁਜ਼ਗਾਰ ਦੇ ਰਾਹ ਖੋਲ੍ਹੇ ਜਾ ਸਕਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੰਸਥਾ ਵੱਲੋਂ ਚਲਾਏ ਜਾਂਦੇ ਟਰੇਨਿੰਗ ਪ੍ਰੋਗਰਾਮਾਂ ਬਾਰੇ ਵੱਡੇ ਪੱਧਰ ‘ਤੇ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਯੋਗ ਨੌਜਵਾਨ ਸਿਖਲਾਈ ਦਾ ਲਾਭ ਲੈ ਸਕਣ। ਉਨ੍ਹਾਂ ਸਾਲ 2026-27 ਦੀ ਸਲਾਨਾ ਕਾਰਜ ਯੋਜਨਾ ‘ਤੇ ਚਾਨਣਾ ਪਾਉਦਿਆਂ ਦੱਸਿਆ ਕਿ ਸੰਸਥਾ ਵੱਲੋਂ ਮੈਨਜ਼ ਪਾਰਲਰ ਸੈਲੂਨ, ਪਲੰਬਰਿੰਗ, ਟੇਲਰਿੰਗ, ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਸਮੇਤ ਵੱਖ-ਵੱਖ ਕੋਰਸਾਂ ਤਹਿਤ 39 ਬੈਚ ਚਲਾਏ ਜਾਣਗੇ, ਜਿਨ੍ਹਾਂ ਵਿਚ ਕਰੀਬ 1000 ਉਮੀਦਵਾਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸੰਸਥਾ ਲਈ ਜ਼ਮੀਨ ਅਲਾਟਮੈਂਟ, ਟ੍ਰੇਨਿੰਗ ਪ੍ਰਾਪਤ ਉਮੀਦਵਾਰਾਂ ਦੀ ਕ੍ਰੈਡਿਟ ਲਿੰਕੇਜ, ਲੋਨ ਡਿਸਬਰਸਮੈਂਟ ਵਿਚ ਸੁਧਾਰ ਅਤੇ ਬੈਂਕਾਂ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ’ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਡਾਇਰੈਕਟਰ ਰੂਡਸੈੱਟ ਸੰਜੀਵ ਕੁਮਾਰ ਚੌਹਾਨ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਨਰੇਸ਼ ਕੁਮਾਰ, ਫੰਕਸ਼ਨਲ ਮੈਨੇਜਰ ਜੀ.ਐੱਮ. ਡੀ.ਆਈ.ਸੀ. ਗੁਰਮਜੋਤ ਕੌਰ, ਐੱਲ.ਡੀ.ਐੱਮ. ਐੱਮ.ਐੱਸ. ਮੋਤੀ, ਡੀ.ਐੱਮ. ਨਾਬਾਰਡ ਸਵਿਤਾ, ਡੀ.ਐੱਮ.ਐੱਫ. ਕੋਮਲ, ਡੀ.ਪੀ.ਐੱਮ. ਸੁਖਵੰਤ ਕੌਰ, ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਅਕਸ਼ਤ ਜੈਨ ਸੀਨੀਅਰ ਮੈਨੇਜਰ ਕੈਨਰਾ ਬੈਂਕ, ਡੀ.ਐੱਮ. ਐੱਸ.ਸੀ.ਐੱਫ.ਸੀ. ਮੰਜੂ ਆਦਿ ਵੀ ਮੌਜੂਦ ਸਨ।