ਸੇਂਟ ਮਨੂੰਜ ਸਕੂਲ ’ਚ ਮਾਂ ਦਿਵਸ ਸਬੰਧੀ ਸਰਗਰਮੀਆਂ
ਸੇਂਟ ਮਨੂੰਜ ਸਕੂਲ ਵਿਖੇ ਮਾਂ ਦਿਵਸ ਮੌਕੇ ਕਰਵਾਈਆਂ ਗਤੀਵਿਧੀਆਂ
Publish Date: Mon, 11 May 2026 08:53 PM (IST)
Updated Date: Mon, 11 May 2026 08:54 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੇਂਟ ਮਨੂੰਜ ਕਾਨਵੈਂਟ ਸਕੂਲ ਸ਼ਾਹਕੋਟ ’ਚ ਮਾਂ ਦਿਵਸ ਮਨਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ, ਸਕੱਤਰ ਸੁਲਕਸ਼ਨ ਜਿੰਦਲ, ਪ੍ਰਿੰਸੀਪਲ ਰਿਤੂ ਪਾਠਕ, ਪ੍ਰਸ਼ਾਸਕ ਪ੍ਰਦੀਪ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਮਨੋਰੰਜਕ ਸਰਗਰਮੀਆਂ ਕਰਵਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਮਾਂ ਪ੍ਰਤੀ ਪਿਆਰ, ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਦਿਆਂ ਸੁੰਦਰ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਐਲਕੇਜੀ ਜਮਾਤ ਦੇ ਬੱਚਿਆਂ ਦੀਆਂ ਮਾਤਾਵਾਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿਚ ਮਾਤਾਵਾਂ ਅਤੇ ਬੱਚਿਆਂ ਵੱਲੋਂ ਸਾਂਝੇ ਤੌਰ ਤੇ ਮਨਮੋਹਕ ਨ੍ਰਿਤ ਅਤੇ ਗਾਇਕੀ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕਰਵਾਈਆਂ ਗਈਆਂ ਵੱਖ-ਵੱਖ ਮਨੋਰੰਜਕ ਸਰਗਰਮੀਆਂ ਵਿਚ ਮਾਤਾਵਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਦੀ ਕਲਾ ਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਜਮਾਤ-ਵਾਰ ਵੱਖਰੀਆਂ-ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਆਕਰਸ਼ਕ ਮਦਰਜ਼ ਡੇ ਕਾਰਡ ਤਿਆਰ ਕਰਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਤਾਵਾਂ ਨੂੰ ਸਮਰਪਿਤ ਸੁੰਦਰ ਅਤੇ ਰੰਗ-ਬਿਰੰਗੇ ਗੁਲਦਸਤੇ ਬਣਾਏ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਕਰਸ਼ਕ ਫੋਟੋ ਫ੍ਰੇਮ ਤਿਆਰ ਕੀਤੇ ਅਤੇ ਉਨ੍ਹਾਂ ਵਿੱਚ ਆਪਣੀਆਂ ਮਾਤਾਵਾਂ ਦੀਆਂ ਤਸਵੀਰਾਂ ਸਜਾ ਕੇ ਪਿਆਰ ਜਤਾਇਆ। ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਬੈਸਟ ਆਉਟ ਆਫ ਵੇਸਟ’ ਗਤੀਵਿਧੀ ਕਰਵਾਈ ਗਈ, ਜਿਸ ਵਿਚ ਉਨ੍ਹਾਂ ਨੇ ਵਿਅਰਥ ਸਾਮਾਨ ਤੋਂ ਉਪਯੋਗੀ ਅਤੇ ਆਕਰਸ਼ਕ ਚੀਜ਼ਾਂ ਬਣਾ ਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਰਿਤੂ ਪਾਠਕ ਨੇ ਕਿਹਾ ਕਿ ਮਾਂ ਤਿਆਗ, ਪਿਆਰ, ਪ੍ਰੇਰਣਾ ਅਤੇ ਚੰਗੇ ਸੰਸਕਾਰਾਂ ਦੀ ਸਭ ਤੋਂ ਸੁੰਦਰ ਮੂਰਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਇੱਕ ਚੰਗੇ ਇਨਸਾਨ ਬਣਨ। ਇਸ ਮੌਕੇ ਸਮੁੱਚਾ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।