ਨਸ਼ਿਆਂ ’ਤੇ ਵੱਡਾ ਵਾਰ: ਹੁਸ਼ਿਆਰਪੁਰ ਪੁਲਿਸ ਨੇ 5 ਤਸਕਰਾਂ ਨੂੰ ਦਬੋਚਿਆ; ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਸ਼ੇ ਦੇ ਸੇਵਨ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ।
Publish Date: Wed, 06 May 2026 12:23 PM (IST)
Updated Date: Wed, 06 May 2026 12:28 PM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਸ਼ੇ ਦੇ ਸੇਵਨ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ।
ਹੈਰੋਇਨ ਅਤੇ ਡਰੱਗ ਮਨੀ ਸਮੇਤ ਤਸਕਰ ਕਾਬੂ
ਥਾਣਾ ਹਰਿਆਣਾ ਦੀ ਪੁਲਿਸ ਨੇ ਮੁਖ਼ਬਰ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਪ੍ਰਿੰਸਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੱਸੀ ਕਾਸੋ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਜਦੋਂ ਘਾਸੀਪੁਰ ਬੱਸ ਅੱਡੇ ਕੋਲ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਿੰਡ ਬੱਸੀ ਕਾਸੋ ਤੋਂ ਬੱਸੀ ਮਰੂਫ ਵਾਲੇ ਰਸਤੇ ’ਤੇ ਨਸ਼ਾ ਵੇਚ ਰਿਹਾ ਹੈ। ਪੁਲਿਸ ਨੇ ਦੱਸੀ ਹੋਈ ਜਗ੍ਹਾ ’ਤੇ ਰੇਡ ਕਰਕੇ ਤਲਾਸ਼ੀ ਦੌਰਾਨ ਪ੍ਰਿੰਸਪ੍ਰੀਤ ਸਿੰਘ ਕੋਲੋਂ ਕਥਿਤ ਤੌਰ ’ਤੇ 26 ਗ੍ਰਾਮ ਹੈਰੋਇਨ, 5100 ਰੁਪਏ ਡਰੱਗ ਮਨੀ, ਖਾਲੀ ਲਿਫਾਫੇ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ।
ਡੋਪ ਟੈਸਟ ਨੇ ਖੋਲ੍ਹੀ ਨਸ਼ੇੜੀ ਦੀ ਪੋਲ, ਹਰਿਆਣਾ ਪੁਲਿਸ ਨੇ ਕੀਤਾ ਮਾਮਲਾ ਦਰਜ
ਇੱਕ ਹੋਰ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਸਤਨਾਮ ਸਿੰਘ ਉਰਫ਼ ਮੰਗਾ ਵਾਸੀ ਪਿੰਡ ਗਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐੱਸ.ਆਈ. ਵਰਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਉਕਤ ਵਿਅਕਤੀ ਨਸ਼ੇ ਦਾ ਆਦੀ ਹੈ ਅਤੇ ਆਪਣੇ ਘਰ ਦੇ ਬਾਹਰ ਨਸ਼ੇ ਦੀ ਹਾਲਤ ਵਿੱਚ ਬੈਠਾ ਹੈ। ਪੁਲਿਸ ਨੇ ਕਿਹਾ ਕਿ ਜਦੋਂ ਮੁਲਜ਼ਮ ਦਾ ਸਿਵਲ ਹਸਪਤਾਲ ਦਸੂਆ ਤੋਂ ਡੋਪ ਟੈਸਟ ਕਰਵਾਇਆ ਗਿਆ ਤਾਂ ਉਸ ਵਿੱਚ ਮੋਰਫਿਨ, ਟਰਾਮਾਡੋਲ ਅਤੇ ਹੋਰ ਨਸ਼ੀਲੇ ਤੱਤ ਪਾਏ ਗਏ। ਪੁਲਿਸ ਮੁਤਾਬਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਨਸ਼ਾ ਕਰਨ ਦੀ ਗੱਲ ਮੰਨੀ। ਪੁਲਿਸ ਨੇ ਅੱਗੇ ਕਿਹਾ ਕਿ ਸਤਨਾਮ ਸਿੰਘ ਆਪਣੇ ਇਲਾਜ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।
ਨਸਰਾਲਾ ਚੋਅ ਨੇੜਿਓਂ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਫੜਿਆ
ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਪਿੰਡ ਨਸਰਾਲਾ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ਼ ਬਿੱਲਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ, ਏ.ਐੱਸ.ਆਈ. ਸਰਬਜੀਤ ਸਿੰਘ ਦੀ ਟੀਮ ਜਦੋਂ ਨਸਰਾਲਾ ਚੋਅ ਨੇੜੇ ਗਸ਼ਤ ਕਰ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਸੰਦੀਪ ਨੇ ਪੁਲਿਸ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਇੱਕ ਕਾਲਾ ਲਿਫਾਫਾ ਸੁੱਟ ਦਿੱਤਾ। ਜਦੋਂ ਪੁਲਿਸ ਨੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 53 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਦਸੂਆ ਪੁਲਿਸ ਵੱਲੋਂ ਮੌਕੇ ’ਤੇ ਨਸ਼ੀਲਾ ਸਾਮਾਨ ਸੁੱਟਣ ਵਾਲਾ ਮੁਲਜ਼ਮ ਕਾਬੂ
ਥਾਣਾ ਦਸੂਆ ਅਧੀਨ ਆਉਂਦੇ ਇਲਾਕੇ ਉਸਮਾਨ ਸ਼ਹੀਦ ਮੋੜ ਤੋਂ ਏ.ਐੱਸ.ਆਈ. ਮਹਿੰਦਰ ਸਿੰਘ ਦੀ ਟੀਮ ਨੇ ਸਤਨਾਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬੰਦ ਦੁਕਾਨਾਂ ਅੱਗੇ ਖੜ੍ਹਾ ਸੀ ਅਤੇ ਪੁਲਿਸ ਦੀ ਗੱਡੀ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਭੱਜਦੇ ਹੋਏ ਸਤਨਾਮ ਸਿੰਘ ਨੇ ਆਪਣੀ ਜੇਬ 'ਚੋਂ ਇੱਕ ਲਿਫਾਫਾ ਘਾਹ ਵਿੱਚ ਸੁੱਟ ਦਿੱਤਾ, ਜਿਸ ਦੀ ਤਲਾਸ਼ੀ ਲੈਣ 'ਤੇ ਕਥਿਤ ਤੌਰ ’ਤੇ 28 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸਫੈਦਿਆਂ ਦੇ ਝੁੰਡ ਵਿੱਚ ਨਸ਼ਾ ਕਰਦਾ ਗ੍ਰਿਫ਼ਤਾਰ
ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਿੰਡ ਕੋਟਲਾ ਮੋੜ 'ਤੇ ਬੱਸ ਸਟੈਂਡ ਦੇ ਪਿੱਛੇ ਸਫੈਦਿਆਂ ਦੇ ਬੂਟਿਆਂ ਵਿੱਚ ਬੈਠ ਕੇ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਹੇ ਜਸਕੀਰਤ ਸਿੰਘ ਵਾਸੀ ਪਿੰਡ ਕੋਟਲਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਪੁਲਿਸ ਨੂੰ ਦੇਖ ਕੇ ਆਪਣਾ ਸਾਮਾਨ ਸੁੱਟ ਕੇ ਭੱਜਣ ਲੱਗਾ ਸੀ। ਮੁਸਤੈਦੀ ਦਿਖਾਉਂਦੇ ਹੋਏ ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਉਸ ਨੂੰ ਦਬੋਚ ਲਿਆ। ਮੁਲਜ਼ਮ ਦੇ ਕਬਜ਼ੇ ਵਿੱਚੋਂ ਹੈਰੋਇਨ ਲੱਗਿਆ ਹੋਇਆ ਸਿਲਵਰ ਪੇਪਰ, ਲਾਈਟਰ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ।
ਜ਼ਿਲ੍ਹਾ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।