ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਦਾ ਲਾਇਆ ਦੋਸ਼
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sat, 16 May 2026 11:36 PM (IST)
Updated Date: Sat, 16 May 2026 11:39 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਟ੍ਰੇਨ ਨੰਬਰ 15707 ਅਮਰਪਾਲੀ ਐਕਸਪ੍ਰੈੱਸ ’ਚ ਸਫਰ ਦੌਰਾਨ ਹੋਈ ਚੋਰੀ ਦੀ ਘਟਨਾ ਨੂੰ ਲੈ ਕੇ ਸ਼ਨਿਚਰਵਾਰ ਨੂੰ ਪ੍ਰੈਸ ਕਲੱਬ ’ਚ ਪੂਰਵਾਂਚਲ ਵਿਕਾਸ ਮਹਾਸਭਾ ਵੱਲੋਂ ਪ੍ਰੈੱਸ ਕਾਨਫਰੰਸ ਕਰਵਾਈ ਗਈ। ਮਹਾਸਭਾ ਦੇ ਪ੍ਰਧਾਨ ਸੱਚਿਤਾਨੰਦ ਨੇ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 14 ਮਈ 2026 ਨੂੰ ਸਿਵਾਨ ਤੋਂ ਜਲੰਧਰ ਆ ਰਹੇ ਪਰਿਵਾਰ ਨੇ ਅਮਰਪਾਲੀ ਐਕਸਪ੍ਰੈੱਸ ਦੇ ਏਸੀ ਥ੍ਰੀ ਇਕਾਨੋਮੀ ਕੋਚ ’ਚ ਸਫਰ ਕਰ ਰਿਹਾ ਸੀ। ਦੋਸ਼ ਹੈ ਕਿ ਰਾਤ ਦੇ ਸਮੇਂ ਕੁਝ ਸ਼ੱਕੀਆਂ ਕੋਚ ’ਚ ਆਏ ਤੇ ਮੁਸਾਫਰਾਂ ਨਾਲ ਗੱਲਬਾਤ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨੇ ਆਪਣੇ-ਆਪ ਨੂੰ ਰੇਲਵੇ ਸੁਰੱਖਿਆ ਨਾਲ ਜੁੜਿਆ ਦੱਸਿਆ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਅਸਲ ’ਚ ਆਰਪੀਐੱਫ ਮੁਲਾਜ਼ਮ ਸਨ ਜਾਂ ਕੋਈ ਹੋਰ ਵਿਅਕਤੀ।
ਪੀੜਤ ਪਰਿਵਾਰ ਅਨੁਸਾਰ, ਸ਼ੱਕੀਆਂ ਨੇ ਮੁਸਾਫਰਾਂ ਤੋਂ ਜਾਣਕਾਰੀ ਲੈਣ ਮਗਰੋਂ ਬਾਅਦ ਸੀਟਾਂ ਕੋਲ ਇਕ ਬੋਰੀ ਰੱਖ ਦਿੱਤੀ ਤੇ ਕਿਹਾ ਕਿ ਇਸ ’ਚ ਰਾਸ਼ਨ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਾਅਦ ’ਚ ਉਨ੍ਹਾਂ ਦੇ ਬੈਗ ਤੋਂ ਲਗਪਗ 24 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ ਕਰੀਬ 20 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ ਗਏ। ਘਟਨਾ ਦਾ ਪਤਾ ਦਿੱਲੀ ਦੇ ਆਸ-ਪਾਸ ਚੱਲਣ 'ਤੇ ਪਰਿਵਾਰ ’ਚ ਤਰਥੱਲੀ ਮਚ ਗਈ। ਪ੍ਰੈੱਸ ਕਾਨਫਰੰਸ ’ਚ ਕਿਹਾ ਗਿਆ ਕਿ ਮਾਮਲੇ ਦੀ ਸ਼ਿਕਾਇਤ ਜੀਆਰਪੀ ਜਲੰਧਰ ’ਚ ਦਰਜ ਕਰਵਾਈ ਜਾ ਚੁੱਕੀ ਹੈ। ਆਨਲਾਈਨ ਸ਼ਿਕਾਇਤ ਵੀ ਦਿੱਤੀ ਗਈ ਹੈ।
ਮਹਾਸਭਾ ਦੇ ਨੁਮਾਇੰਦਿਆਂ ਨੇ ਰੇਲਵੇ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਟ੍ਰੇਨਾਂ ’ਚ ਮੁਸਾਫਰਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਸੰਸਥਾ ਨੇ ਮੰਗ ਕੀਤੀ ਕਿ ਰੇਲਵੇ ਮੁਸਾਫਰਾਂ ਦੀ ਸੁਰੱਖਿਆ ਮੈਨੇਜਮੈਂਟ ਨੂੰ ਹੋਰ ਮਜ਼ਬੂਤ ਕਰੇ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਾਈ ਜਾ ਸਕੇ।