ਸਿੱਖਿਆ ਦਾ ਅਸਲ ਟੀਚਾ ਸਿਰਫ ਗਿਆਨ ਪ੍ਰਾਪਤੀ ਨਹੀਂ : ਡਾ. ਖੋਸਲਾ
ਐੱਚਐੱਮਵੀ ’ਚ ਦੂਜੇ ਦਿਨ ਸਰਵ ਵਿਆਪਕ ਮਾਨਵੀ ਮੁੱਲ ਵਿਸ਼ੇ ’ਤੇ ਹੋਈ ਚਰਚਾ
Publish Date: Thu, 30 Apr 2026 06:43 PM (IST)
Updated Date: Thu, 30 Apr 2026 06:46 PM (IST)
ਐੱਚਐੱਮਵੀ ’ਚ ਦੂਜੇ ਦਿਨ ਸਰਵ ਵਿਆਪਕ ਮਾਨਵੀ ਮੁੱਲ ਵਿਸ਼ੇ ’ਤੇ ਹੋਈ ਚਰਚਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸਰਾਜ ਮਹਿਲਾ ਮਹਾਂਵਿਦਆਲਿਆ ਵਿਖੇ ਆਲ ਇਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ ਸੰਸਥਾ ਦੇ ਆਈਐੱਸ ਸੈੱਲ ਵੱਲੋਂ ਸਰਵ ਵਿਆਪਕ ਮਨੁੱਖੀ ਕਦਰਾਂ-ਕੀਮਤਾਂ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਐੱਫ਼ਡੀਪੀ ਦੇ ਦੂਜੇ ਦਿਨ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਗਿਆਨ ਵਾਧੂ ਸੈਸ਼ਨ ਵਿਚ ਸਿੱਖਿਆ ਦੇ ਮੂਲ ਉਦੇਸ਼ ’ਤੇ ਚਰਚਾ ਨਾਲ ਕੀਤੀ ਗਈ। ਜਿਸ ਵਿੱਚ ਇਹ ਦਰਸਾਇਆ ਗਿਆ ਕਿ ਅਸਲ ਸਿੱਖਿਆ ਸਿਰਫ ਜਾਣਕਾਰੀ ਤੱਕ ਸੀਮਿਤ ਨਹੀਂ ਹੁੰਦੀ, ਬਲਕਿ ਸਹੀ ਸਮਝ, ਸੰਬੰਧ ਅਤੇ ਭੌਤਿਕ ਸੁਵਿਧਾਵਾਂ ਦੇ ਸੰਤੁਲਿਤ ਵਿਕਾਸ 'ਤੇ ਆਧਾਰਿਤ ਹੁੰਦੀ ਹੈ। ਮੁੱਖ ਮਹਿਮਾਨ ਜਤਿੰਦਰ ਨਰੂਲਾ ਅਤੇ ਰਜਨੀਤ ਨੇ ਤਿੰਨਾਂ ਪੱਖਾਂ ਦੀ ਮਹੱਤਤਾ ਨੂੰ ਸਪੱਸ਼ਟ ਕੀਤਾ ਅਤੇ ਦੱਸਿਆ ਕਿ ਇਹ ਇਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਲਈ ਬਰਾਬਰ ਜ਼ਰੂਰੀ ਹਨ। ਸੈਸ਼ਨ ਦੌਰਾਨ ਭਾਗੀਦਾਰਾਂ ਨੇ ਆਪਣੇ ਤਜ਼ਰਬੇ ਅਤੇ ਵਿਚਾਰ ਵੀ ਸਾਂਝੇ ਕੀਤੇ। ਸੰਸਥਾ ਮੁਖੀ ਡਾ.ਏਕਤਾ ਖੋਸਲਾ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ ਗਿਆਨ ਪ੍ਰਾਪਤ ਕਰਨਾ ਨਹੀਂ, ਸਗੋਂ ਇੱਕ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਦਾ ਨਿਰਮਾਣ ਕਰਨਾ ਹੈ। ਇਹ ਐੱਫਡੀਪੀ ਅਧਿਆਪਕਾਂ ਨੂੰ ਆਤਮ-ਚਿੰਤਨ, ਸਹੀ ਸਮਝ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਦਾ ਇੱਕ ਮਜ਼ਬੂਤ ਸਾਧਨ ਹੈ। ਡਾ. ਰਮਨੀਤਾ ਸੈਨੀ ਸ਼ਾਰਦਾ, ਪ੍ਰੋਗਰਾਮ ਕੋਆਰਡੀਨੇਟਰ ਨੇ ਦੱਸਿਆ ਕਿ ਸਰਬਵਿਆਪੀ ਮਨੁੱਖੀ ਮੁੱਲ ਪ੍ਰੋਗਰਾਮ ਦਾ ਮਕਸਦ ਅਧਿਆਪਕਾਂ ਵਿੱਚ ਸਹੀ ਸਮਝ ਤੇ ਮਨੁੱਖੀ ਮੁੱਲਾਂ ਦਾ ਵਿਕਾਸ ਕਰਨਾ ਹੈ। ਮੰਚ ਸੰਚਾਲਨ ਡਾ. ਜੋਤੀ ਗੋਗੀਆ ਵੱਲੋਂ ਕੀਤਾ ਗਿਆ। ਇਸ ਮੌਕੇ ਪੀ.ਟੀ.ਯੂ. ਕਪੂਰਥਲਾ, ਸਰਕਾਰੀ ਕਾਲਜ ਕਪੂਰਥਲਾ, ਸੇਂਟ ਸੋਲਜਰ ਕਾਲਜ, ਐੱਸ.ਆਈ.ਟੀ. ਅਤੇ ਡੇਵੀਅਟ ਜਲੰਧਰ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।