ਕੁੱਟਮਾਰ ਦੇ ਦੋਸ਼, ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ
ਕੁੱਟਮਾਰ ਦੇ ਦੋਸ਼, ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
Publish Date: Thu, 30 Apr 2026 06:28 PM (IST)
Updated Date: Thu, 30 Apr 2026 06:31 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਥਾਣਾ ਫਿਲੌਰ ਅਧੀਨ ਪਿੰਡ ਖੈਹਿਰਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਸ ਅਨੁਸਾਰ 22 ਅਪ੍ਰੈਲ ਦੀ ਸ਼ਾਮ ਕਰੀਬ 6:30 ਵਜੇ ਉਹ ਆਪਣੇ ਖੇਤ ਵਿੱਚ ਪਾਣੀ ਲਗਾ ਰਹੇ ਸਨ, ਜਦੋਂ ਅਮਰਦੀਪ ਸਿੰਘ ਅਤੇ ਉਸ ਦੀ ਮਾਤਾ ਬਲਵੀਰ ਕੌਰ ਨੇ ਉਨ੍ਹਾਂ ਨਾਲ ਵਿਵਾਦ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਪਤਨੀ ਨੂੰ ਥੱਪੜ ਮਾਰੇ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਧੱਕਾ-ਮੁੱਕੀ ਦੌਰਾਨ ਇਕ ਸੋਨੇ ਦੀ ਵਾਲੀ ਵੀ ਲੈ ਗਏ। ਸੱਟਾਂ ਲੱਗਣ ਕਾਰਨ ਉਹ ਤੇ ਉਸ ਦੀ ਪਤਨੀ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਦਾਖਲ ਹੋਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਲਗਭਗ 13 ਸਾਲ ਪਹਿਲਾਂ ਕਰੰਟ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਦੋਵੇਂ ਇਕੱਲੇ ਜੀਵਨ ਬਤੀਤ ਕਰ ਰਹੇ ਹਨ। ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਇਸ ਮਾਮਲੇ ਸਬੰਧੀ ਅਮਰਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਨਕੁਆਰੀ ਅਫਸਰ ਦੀ ਗੈਰਹਾਜ਼ਰੀ ਕਾਰਨ ਹੁਣ ਇਸ ਕੇਸ ਦੀ ਜਾਂਚ ਥਾਣੇਦਾਰ ਜਸਵਿੰਦਰ ਸਿੰਘ ਕਰ ਰਹੇ ਹਨ ਤੇ ਦੋਵੇਂ ਧਿਰਾਂ ਦੀ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।