ਪੁਲਿਸ 'ਤੇ ਸੁਣਵਾਈ ਨਾ ਕਰਨ ਦੇ ਦੋਸ਼
ਜਾਸ, ਜਲੰਧਰ : ਜਲੰਧਰ
Publish Date: Mon, 04 May 2026 09:07 PM (IST)
Updated Date: Mon, 04 May 2026 09:08 PM (IST)
ਜਾਸ, ਜਲੰਧਰ : ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 7 ਅਧੀਨ ਗੜ੍ਹਾ ਪੈਟਰੋਲ ਪੰਪ ਨੇੜੇ ਸ਼ਨਿਚਰਵਾਰ ਨੂੰ ਇਕ ਕਾਰ ਸਵਾਰ ਨੇ ਟ੍ਰੈਕਟਰ-ਟ੍ਰਾਲੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਮੁਲਜ਼ਮ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ’ਚ ਟ੍ਰੈਕਟਰ ਚਾਲਕ ਪੰਚੂ ਜੋ 120 ਫੁੱਟ ਰੋਡ ਦਾ ਨਿਵਾਸੀ ਹੈ ਤੇ ਉਸ ਦੇ ਸਾਥੀ ਜ਼ਖਮੀ ਹੋ ਗਏ। ਜ਼ਖਮੀ ਪੰਚੂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਨਿਗਮ ਦੇ ਠੇਕੇ ਤਹਿਤ ਸਫਾਈ ਸੇਵਕ ਹੈ। ਘਟਨਾ ਵੇਲੇ ਉਹ ਗੜ੍ਹਾ ਪੈਟਰੋਲ ਪੰਪ ਨੇੜੇ ਦੁਕਾਨਾਂ ਤੋਂ ਕੂੜਾ ਇਕੱਠਾ ਕਰਕੇ ਟਰਾਲੀ ’ਚ ਪਾ ਰਹੇ ਸਨ। ਇਸ ਦੌਰਾਨ, ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਟ੍ਰੈਕਟਰ-ਟਰਾਲੀ ਨੂੰ ਟੱਕਰ ਮਾਰੀ। ਇਹ ਟਰਾਲੀ ਠੇਕੇਦਾਰ ਸਤਪਾਲ ਗਿੱਲ ਤੇ ਆਕਾਸ਼ ਕੰਟ੍ਰੈਕਟਰ ਦੀ ਦੱਸੀ ਜਾ ਰਹੀ ਹੈ।
ਘਟਨਾ ਦੇ ਫੌਰੀ ਬਾਅਦ ਪੀਸੀਆਰ ਟੀਮ ਮੌਕੇ 'ਤੇ ਪੁੱਜੀ ਤੇ ਕਾਰ ਦਾ ਨੰਬਰ ਨੋਟ ਕਰ ਲਿਆ। ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ’ਚ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਤੇ ਬਾਅਦ ਵਿਚ ਥਾਣਾ ਡਵੀਜ਼ਨ ਨੰਬਰ 7 ’ਚ ਸ਼ਿਕਾਇਤ ਦੇਣ ਲਈ ਕਿਹਾ। ਹਾਲਾਂਕਿ, ਪੀੜਤਾਂ ਦਾ ਦੋਸ਼ ਹੈ ਕਿ ਜਦੋਂ ਉਹ ਸ਼ਿਕਾਇਤ ਦਰਜ ਕਰਨ ਥਾਣੇ ਪੁੱਜੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹ ਐਤਵਾਰ ਤੇ ਸੋਮਵਾਰ ਨੂੰ ਵੀ ਥਾਣੇ ਦੇ ਚੱਕਰ ਲਾਉਂਦੇ ਰਹੇ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਧਰ-ਉੱਧਰ ਜਾਣ ਲਈ ਕਹਿ ਕੇ ਟਾਲ ਦਿੱਤਾ। ਠੇਕੇਦਾਰ ਸੱਤਪਾਲ ਗਿੱਲ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਹੀਂ ਹੋਈ ਤਾਂ ਬੁੱਧਵਾਰ ਨੂੰ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਧਰਨਾ ਦਿੱਤਾ ਜਾਵੇਗਾ।