ਪੁਲਿਸ ’ਤੇ ਸਖ਼ਤ ਕਾਰਵਾਈ ਨਾ ਕਰਨ ਲਾਏ ਦੋਸ਼
-ਅਗਵਾ ਤੇ ਸੋਨਾ ਚੋਰੀ
Publish Date: Wed, 20 May 2026 06:41 PM (IST)
Updated Date: Wed, 20 May 2026 06:43 PM (IST)

-ਅਗਵਾ ਤੇ ਸੋਨਾ ਚੋਰੀ ਕਰਨ ਦਾ ਦੋਸ਼ ਲਾਇਆ, -ਕਿਹਾ-ਫੋਨ ਤੇ ਮਿਲ ਰਹੀਆਂ ਜਾਨੋਂ ਮਾਰਨ ਦੀ ਧਮਕੀਆਂ ਜਾਸ, ਜਲੰਧਰ : ਇਮੀਗ੍ਰੇਸ਼ਨ ਦਫਤਰ ਦੇ ਚਾਲਕ ਸੰਨੀ ਗੁਜਰਾਲ ਨੇ ਦਾਅਵਾ ਕੀਤਾ ਹੈ ਕਿ ਉਸ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਢੰਗ ਨਾਲ ਕਾਰਵਾਈ ਨਹੀਂ ਕੀਤੀ। ਹਮਲਾਵਰਾਂ ਕੋਲ ਹਥਿਆਰ ਸਨ ਤੇ ਉਹ ਉਸ ਦੇ ਦਫਤਰ ’ਚ ਦਾਖਲ ਹੋ ਕੇ ਕੁੱਟਮਾਰ ਕਰਦੇ ਰਹੇ, ਜਿਸ ਦੌਰਾਨ ਉਸ ਦਾ ਚਾਰ ਤੋਲੇ ਦਾ ਸੋਨੇ ਦਾ ਕੜਾ ਤੇ ਤਿੰਨ ਅੰਗੂਠੀਆਂ ਲਾਹ ਗਈਆਂ। ਡਵੀਜ਼ਨ ਨੰਬਰ-7 ਦੇ ਥਾਣੇ ’ਚ ਹਮਲਾਵਰਾਂ ਤੇ ਕੁੱਟਮਾਰ ਦਾ ਹੀ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਉਸ ਨੂੰ ਅਗਵਾ ਪਿਸਤੌਲ ਦੇ ਜ਼ੋਰ ’ਤੇ ਕੀਤਾ ਗਿਆ ਸੀ। ਸੋਮਵਾਰ ਨੂੰ ਕੁਝ ਨੌਜਵਾਨਾਂ ਨੇ ਇਮੀਗ੍ਰੇਸ਼ਨ ਏਜੰਟ ਨੂੰ ਉਸ ਦੇ ਦਫਤਰ ’ਚ ਵੜ ਕੇ ਕੁੱਟਿਆ ਤੇ ਫਿਰ ਧੱਕੇ ਨਾਲ ਕਾਰ ’ਚ ਬੈਠਾ ਕੇ ਰਾਮਾ ਮੰਡੀ ਪੁਲਿਸ ਸਟੇਸ਼ਨ ਲੈ ਗਏ। ਦਾਅਵਾ ਹੈ ਕਿ ਉਸ ਨੂੰ ਰਾਤ ਵੇਲੇ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪੀੜਤ ਸੰਨੀ ਗੁਜਰਾਲ ਨੇ ਐਤਵਾਰ ਰਾਤ ਨੂੰ ਹੀ ਪੁਲਿਸ ਸਟੇਸ਼ਨ-7 ਦੀ ਪੀਸੀਆਰ ਟੀਮ ਨੂੰ ਇਸ ਧਮਕੀ ਦੀ ਜਾਣਕਾਰੀ ਦਿੱਤੀ ਸੀ, ਜਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੀੜਤ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਉਸ ਦੇ ਦਫਤਰ ’ਚ ਹੋਈ ਕੁੱਟਮਾਰ ਦੌਰਾਨ ਉਸ ਦੇ ਸਿਰ ਤੇ ਪਿਸਤੌਲ ਦੇ ਬੱਟ ਨਾਲ ਵਾਰ ਕੀਤਾ ਗਿਆ ਅਤੇ ਉਨ੍ਹਾਂ ’ਚੋਂ ਇਕ ਨੇ ਪਿਸਤੌਲ ਤਾਣੀ ਹੋਈ ਸੀ ਤਾਂ ਜੋ ਉਹ ਹਿਲ ਨਾ ਸਕੇ। ਉਸ ਨੇ ਦੱਸਿਆ ਕਿ ਹਮਲਾਵਰਾਂ ਵਿਚੋਂ ਦੋ ਨੇ ਉਸ ਦੇ ਹੱਥੋਂ ਚਾਰ ਤੋਲੇ ਦਾ ਸੋਨੇ ਦਾ ਕੜਾ ਤੇ ਤਿੰਨ ਸੋਨੇ ਦੀਆਂ ਅੰਗੂਠੀਆਂ ਵੀ ਲਾਹ ਲਈਆਂ। ਹਮਲਾਵਰ ਉਸ ਨੂੰ ਰਾਮਾ ਮੰਡੀ ਪੁਲਿਸ ਸਟੇਸ਼ਨ ਦੇ ਬਾਹਰ ਲੈ ਆਏ ਤੇ ਦੋਵੇਂ ਨੌਜਵਾਨ ਉਥੋਂ ਭੱਜ ਗਏ। ਉਸ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ, ਪੁਲਿਸ ਨੇ ਧਾਰਾ 7, 51 ਤਹਿਤ ਮਾਮਲਾ ਦਰਜ ਕੀਤਾ। ਰਾਤ ਨੂੰ ਉਸ ਦੇ ਮੋਬਾਈਲ ਫੋਨ ਤੇ ਇਕ ਹੋਰ ਕਾਲ ਆਈ, ਜਿਸ ਨੇ ਆਪਣੇ-ਆਪ ਨੂੰ ਭੂਸ਼ਣ ਦੱਸਿਆ ਤੇ ਕਿਹਾ ਕਿ ਇਹ ਕੁੱਟਮਾਰ ਤਾਂ ਸਿਰਫ਼ ਇਕ ਟ੍ਰੇਲਰ ਸੀ, ਹੁਣ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਨੇ ਡਵੀਜ਼ਨ ਨੰਬਰ 7 ਪੁਲਿਸ ਸਟੇਸ਼ਨ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਬੁੱਧਵਾਰ ਨੂੰ ਇਨਸਾਫ਼ ਲਈ ਉੱਚ ਅਧਿਕਾਰੀਆਂ ਨੂੰ ਮਿਲੇ। ਇਸ ਮਾਮਲੇ ਦੇ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਐੱਸਆਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ।