ਜੇਸੀਬੀ ਹਾਦਸੇ ’ਚ ਇਕ ਦੀ ਮੌਤ, ਇਕ ਬਚ ਗਿਆ
ਸੁਰਜੀਤ ਸਿੰਘ ਜੰਮੂ, ਪੰਜਾਬੀ
Publish Date: Sat, 25 Apr 2026 07:44 PM (IST)
Updated Date: Sun, 26 Apr 2026 04:17 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਕਾਕੜ ਕਲਾਂ ਦੇ ਵਸਨੀਕ ਰਵਿੰਦਰ ਸਿੰਘ ਲੰਬੜਦਾਰ ਦੇ ਪੁੱਤਰ ਦੀ ਇਕ ਹਾਦਸੇ ’ਚ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲਾ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਲੰਬੜਦਾਰ ਦੇ ਪਰਿਵਾਰ ਕੋਲ ਜ਼ਮੀਨ, ਜੇਸੀਬੀ ਤੇ ਟਰੱਕ ਵੀ ਹੈ। ਬੀਤੇ ਦਿਨ ਉਨ੍ਹਾਂ ਦਾ ਕਣਕ ਨਾਲ ਲੱਦਿਆ ਹੋਇਆ ਟਰੱਕ ਮਹਿਰਾਜ ਵਾਲਾ ਪਿੰਡ ਦੇ ਨੇੜੇ ਇਕ ਮੋੜ ਤੋਂ ਬੇਕਾਬੂ ਹੋ ਕੇ ਉਲਟ ਗਿਆ, ਜਿਸ ਨੂੰ ਸਿੱਧਾ ਕਰਨ ਲਈ ਲੰਬੜਦਾਰ ਦਾ ਛੋਟਾ ਲੜਕਾ ਜਗਮੀਤ ਸਿੰਘ (35) ਜੇਸੀਬੀ ਮਸ਼ੀਨ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ, ਜਿਸ ਨੇ ਕੁੱਝ ਲੋਕਾਂ ਦੀ ਮਦਦ ਨਾਲ ਟਰੱਕ ਸਿੱਧਾ ਕਰ ਲਿਆ ਤੇ ਆਪਣੇ ਘਰ ਕੰਮ ਕਰਨ ਵਾਲੇ ਪਰਮਜੀਤ ਸਿੰਘ ਪੁੱਤਰ ਹਰੀ ਸਿੰਘ ਨੂੰ ਨਾਲ ਲੈ ਕੇ ਆਪਣੇ ਘਰ ਨੂੰ ਚੱਲ ਪਿਆ। ਜਦੋਂ ਉਹ ਪਿੰਡ ਕੰਗ ਖ਼ੁਰਦ ਦੀ ਲਿੰਕ ਰੋਡ ਤੋਂ ਲੰਘ ਰਹੇ ਸੀ ਕਿ ਅਚਾਨਕ ਉਹ ਜੇਸੀਬੀ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਜੇਸੀਬੀ ਮਸ਼ੀਨ ਨਾਲ ਲਗਦੇ ਖੇਤ ’ਚ ਉਲਟ ਗਈ।
ਜਗਮੀਤ ਸਿੰਘ ਜੇਸੀਬੀ ਹੇਠਾਂ ਆ ਗਿਆ ਤੇ ਦੇਖਦਿਆਂ ਹੀ ਉਸਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ ਪਰ ਨਾਲ ਹੀ ਬੈਠੇ ਪਰਮਜੀਤ ਸਿੰਘ ਦੇ ਕੋਈ ਝਰੀਟ ਤੱਕ ਨਹੀਂ ਆਈ ਤੇ ਉਹ ਵਾਲ-ਵਾਲ ਬਚ ਗਿਆ। ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜਗਮੀਤ ਸਿੰਘ ਦੇ ਸੰਸਕਾਰ ਦੀਆਂ ਰਸਮਾਂ ਉਸਦੀ ਲੜਕੀ ਦੇ ਕੈਨੇਡਾ ਤੋਂ ਆਉਣ ’ਤੇ ਹੀ ਨਿਭਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜਿਸ ਥਾਂ ’ਤੇ ਹਾਦਸਾ ਵਾਪਰਿਆ, ਉੱਥੇ ਸੜਕ ਦੇ ਬਰਮ ਕੁਝ ਫੁੱਟਾਂ ਦੇ ਹੋਣੇ ਤਾਂ ਰਹੀ ਦੂਰ ਦੀ ਗੱਲ ਕੁੱਝ ਇੰਚਾਂ ਜਿੰਨੇ ਹੀ ਹਨ ਤੇ ਹਾਦਸੇ ਦੇ ਹੋਰ ਕਾਰਨਾਂ ਦੇ ਨਾਲ-ਨਾਲ ਬਰਮਾਂ ਦਾ ਨਾ ਹੋਣਾ ਵੀ ਇਕ ਪ੍ਰਮੁੱਖ ਕਾਰਨ ਹੈ।