ਜਾਸ, ਜਲੰਧਰ : ਪੰਜਾਬ

ਜਾਸ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ’ਚ ਗਰਮੀ ਦੇ ਮੌਸਮ ’ਚ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਦੇ ਨਾਲ-ਨਾਲ ਠੰਢੇ ਪਾਣੀ ਦੀ ਸਮੱਸਿਆ ਵੀ ਮੌਜੂਦ ਹੈ। ਕੋਰੋਨਾ ਕਾਲ ’ਚ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਬਣਾਇਆ ਗਿਆ ਫੀਮੇਲ ਸਰਜੀਕਲ ਵਾਰਡ, ਆਈਸੀਯੂ ਲੈਵਲ-3 ਅਤੇ ਮੈਟਰਨਿਟੀ ਵਾਰਡ ’ਚ ਔਰਤ ਮਰੀਜ਼ਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਸੀਯੂ ਲੈਵਲ-3 ਵਿਚ ਚਾਰ ਵਿੱਚੋਂ ਤਿੰਨ ਤੇ ਮੈਟਰਨਿਟੀ ਵਾਰਡ ’ਚ ਅੱਠ ਵਿੱਚੋਂ ਛੇ ਏਸੀ ਖਰਾਬ ਹਨ, ਜਿਸ ਕਾਰਨ ਜੱਚਾ-ਬੱਚਾ ਸੈਂਟਰ ਦੇ ਵਾਰਡਾਂ ਵਿਚ ਪੱਖੇ ਚਲਣ ਦੇ ਬਾਵਜੂਦ ਮਰੀਜ਼ਾਂ ਨੂੰ ਗਰਮੀ ਨਾਲ ਜੂਝਣਾ ਪੈ ਰਿਹਾ ਹੈ।
ਜੱਚਾ-ਬੱਚਾ ਸੈਂਟਰ ਦੇ ਮੈਟਰਨਿਟੀ ਵਾਰਡ ਨੂੰ ਪੂਰੀ ਤਰ੍ਹਾਂ ਏਸੀ ਵਿੰਗ ਬਣਾਇਆ ਗਿਆ ਸੀ। ਵਾਰਡ ਚਾਰੋਂ ਪਾਸੇ ਬੰਦ ਹੈ ਤੇ ਹਵਾਦਾਰ ਨਹੀਂ ਹੈ। ਇਸ ਦੌਰਾਨ ਏਸੀ ਖਰਾਬ ਹੋਣ ਕਾਰਨ ਮੈਟਰਨਿਟੀ ਵਾਰਡ, ਛੋਟਾ ਆਪ੍ਰੇਸ਼ਨ ਥੀਏਟਰ ਤੇ ਡਾਕਟਰਾਂ ਦੇ ਕਮਰੇ ਵਿਚ ਗਰਮੀ ਤੇ ਹੁਮਸ ਦਾ ਮਾਹੌਲ ਬਣ ਗਿਆ ਹੈ, ਜਿਸ ਨਾਲ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ। ਹਾਲਾਂਕਿ ਕੁਝ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮ ਦੇ ਸਮੇਂ ਵਾਰਡ ਤੋਂ ਬਾਹਰ ਕੋਰੀਡੋਰ ’ਚ ਬੈਠ ਕੇ ਰਾਹਤ ਮਹਿਸੂਸ ਕਰਦੇ ਹਨ। ਫੀਮੇਲ ਸਰਜਰੀ ਤੇ ਲੈਵਲ-3 ਆਈਸੀਯੂ ਦਾ ਨਿਰਮਾਣ ਕੋਰੋਨਾ ਕਾਲ ਵਿਚ ਕੀਤਾ ਗਿਆ ਸੀ ਅਤੇ ਇਸ ਨੂੰ ਏਸੀ ਬਣਾਇਆ ਗਿਆ ਸੀ ਪਰ ਇਸ ਦੇ ਰੱਖ-ਰਖਾਅ ’ਚ ਲਾਪਰਵਾਹੀ ਕਾਰਨ ਆਈਸੀਯੂ ਸਿਰਫ ਇਕ ਜਨਰਲ ਵਾਰਡ ਬਣ ਕੇ ਰਹਿ ਗਿਆ ਹੈ, ਜਿੱਥੇ ਏਸੀ ਖਰਾਬ ਹੋਣ ਕਾਰਨ ਮਰੀਜ਼ ਵਾਰਡ ’ਚ ਘੁਟਣ ਮਹਿਸੂਸ ਕਰਦੇ ਹਨ।
ਆਈਸੀਯੂ ਲੈਵਲ-3 ਅਤੇ ਫੀਮੇਲ ਸਰਜੀਕਲ ਵਾਰਡ ’ਚ ਏਸੀ ਖਰਾਬ ਹੋਣ ਦੇ ਮਾਮਲੇ ਬਾਰੇ ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਇਹ ਮਾਮਲਾ ਜਾਣਕਾਰੀ ’ਚ ਹੈ। ਉਹ ਖ਼ੁਦ ਦੌਰਾ ਕਰਨ ਜਾ ਰਹੇ ਹਨ ਤੇ ਮੌਕੇ ਦੀ ਜਾਂਚ ਕਰਕੇ ਖਰਾਬ ਪਏ ਏਸੀ ਨੂੰ ਤੁਰੰਤ ਮਰੰਮਤ ਕਰਵਾਇਆ ਜਾਵੇਗਾ ਤੇ ਜੋ ਬਿਲਕੁਲ ਚੱਲਣ ਯੋਗ ਨਹੀਂ ਹਨ, ਉਨ੍ਹਾਂ ਦੀ ਜਗ੍ਹਾ ਨਵੇਂ ਲਗਵਾਏ ਜਾਣਗੇ।
ਜੱਚਾ ਵਾਰਡ ’ਚ ਜਣੇਪੇ ਲਈ ਦਾਖਲ ਮਰੀਜ਼ ਦੇ ਪਤੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਵਾਰਡ ਦੁਪਹਿਰ ਅਤੇ ਰਾਤ ਨੂੰ ਪੂਰੀ ਤਰ੍ਹਾਂ ਭਖਣ ਲੱਗ ਜਾਂਦਾ ਹੈ। ਪੱਖੇ ਦੀ ਹਵਾ ਵੀ ਗਰਮ ਮਹਿਸੂਸ ਹੁੰਦੀ ਹੈ। ਜੇ ਖਿੜਕੀ ਖੋਲ੍ਹੀ ਜਾਂਦੀ ਹੈ ਤਾਂ ਬਾਹਰੋਂ ਮੱਛਰ ਅੰਦਰ ਆ ਜਾਂਦੇ ਹਨ, ਜਿਸ ਨਾਲ ਮਰੀਜ਼ਾਂ ਨੂੰ ਹੋਰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਪਿਛਲੇ ਸਾਲ ਵਾਰਡਾਂ ’ਚ ਕੂਲਰ ਚਲਾਏ ਗਏ ਸਨ ਪਰ ਇਸ ਵਾਰ ਗਰਮੀ ਦੇ ਪੂਰੇ ਜ਼ੋਰ ਕਾਰਨ ਕੂਲਰ ਚਾਉਣ ਸ਼ੁਰੂ ਨਹੀਂ ਕੀਤੇ ਗਏ।
ਮੈਟਰਨਿਟੀ ਵਾਰਡ ’ਚ ਦਾਖਲ ਮਰੀਜ਼ ਦੀ ਭੈਣ ਸੁਨੀਤਾ ਨੇ ਦੱਸਿਆ ਕਿ ਉਹ ਦੋ ਦਿਨ ਤੋਂ ਹਸਪਤਾਲ ਵਿਚ ਹੈ। ਗਰਮੀ ਵਧਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘੁਟਣ ਮਹਿਸੂਸ ਹੋਣ ਲੱਗੀ ਹੈ। ਕੁਝ ਲੋਕ ਮਰੀਜ਼ ਦੀ ਹਾਲਤ ਮੁਤਾਬਕ ਉਨ੍ਹਾਂ ਨੂੰ ਬਾਹਰ ਬੈਠਾਉਂਦੇ ਹਨ। ਵਾਰਡ ਹਵਾਦਾਰ ਨਾ ਹੋਣ ਕਾਰਨ ਬਾਹਰੋਂ ਤਾਜ਼ੀ ਹਵਾ ਨਹੀਂ ਆਉਂਦੀ। ਵਾਰਡ ਵਿਚ ਲੱਗੇ ਏਸੀ ਠੰਡੀ ਹਵਾ ਨਹੀਂ ਦੇ ਰਹੇ। ਜ਼ਿਆਦਾਤਰ ਏਸੀ ਖਰਾਬ ਹਨ।
ਆਈਸੀਯੂ ਲੈਵਲ-3 ਵਿਚ ਦਾਖਲ ਬਜ਼ੁਰਗ ਔਰਤ ਦੇ ਪੁੱਤਰ ਸਤਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਚਾਰ ਵਿਚੋਂ ਸਿਰਫ ਇਕ ਹੀ ਏਸੀ ਚੱਲਦਾ ਹੈ। ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਗਰਮੀ ਦੇ ਕਾਰਨ ਪੱਖਿਆਂ ਦੀ ਹਵਾ ਵੀ ਬੇਅਸਰ ਮਹਿਸੂਸ ਹੁੰਦੀ ਹੈ। ਤਾਜ਼ੀ ਹਵਾ ਆਉਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
---
ਸਿਵਲ ਹਸਪਤਾਲ ’ਚ ਵਾਟਰ ਕੂਲਰਾਂ ਦੀ ਮੁਰੰਮਤ ਸ਼ੁਰੂ
ਜਾਸ, ਜਲੰਧਰ : ਗਰਮੀ ਦੇ ਮੌਸਮ ਵਿਚ ਸਿਵਲ ਹਸਪਤਾਲ |ਚ ਵਾਟਰ ਕੂਲਰਾਂ ਦੇ ਖਰਾਬ ਹੋਣ ਕਾਰਨ ਠੰਢੇ ਪੀਣ ਵਾਲੇ ਪਾਣੀ ਦੀ ਕਮੀ ਤੋਂ ਪਰੇਸ਼ਾਨ ਲੋਕਾਂ ਦੀ ਸਮੱਸਿਆ ਦਾ ਹੱਲ ਲੱਭਣ ਲਈ ਹਸਪਤਾਲ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਅਦਾਰਾ ਜਾਗਰਣ ’ਚ ਵਾਟਰ ਕੂਲਰਾਂ ਦੇ ਖਰਾਬ ਹੋਣ ਕਾਰਨ ਮਰੀਜ਼ਾਂ ਨੂੰ ਪੀਣ ਲਈ ਠੰਢਾ ਪਾਣੀ ਨਹੀਂ ਮਿਲ ਰਿਹਾ ਸੀ। ਇਸ ਸਮੱਸਿਆ ਨੂੰ ਲੈ ਕੇ ਖਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਇਸ ਮਗਰੋਂ ਮੰਗਲਵਾਰ ਨੂੰ ਐੱਸਡੀਐੱਮ ਨਵਦੀਪ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਦੀ ਪੀਣ ਵਾਲੇ ਪਾਣੀ ਸਬੰਧੀ ਸਮੱਸਿਆ ਦਾ ਹੱਲ ਕਰਨ ਲਈ ਹਦਾਇਤਾਂ ਦਿੱਤੀਆਂ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਹਸਪਤਾਲ ਦੇ ਸਬੰਧਤ ਸਟਾਫ ਨੂੰ ਵਾਟਰ ਕੂਲਰਾਂ ਦਾ ਪੂਰਾ ਵੇਰਵਾ ਦੇਣ ਲਈ ਪੱਤਰ ਜਾਰੀ ਕੀਤਾ।
ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਹਸਪਤਾਲ ’ਚ ਲੱਗੇ ਸਾਰੇ ਵਾਟਰ ਕੂਲਰਾਂ ਦਾ ਵੇਰਵਾ ਮੰਗਵਾ ਲਿਆ ਗਿਆ ਹੈ। ਜੋ ਵਾਟਰ ਕੂਲਰ ਬਿਲਕੁਲ ਖਰਾਬ ਹਨ, ਉਨ੍ਹਾਂ ਨੂੰ ਕੰਡਮ ਕਰ ਦਿੱਤਾ ਜਾਵੇਗਾ ਤੇ ਜੋ ਖਰਾਬ ਹਨ, ਉਨ੍ਹਾਂ ਦੀ ਮੁਰੰਮਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕੰਮ ਲਈ ਨਿੱਜੀ ਮਕੈਨਿਕ ਨੂੰ ਬੁਲਾਇਆ ਗਿਆ ਹੈ, ਜੋ ਹਰ ਰੋਜ਼ ਦੋ ਦੋ ਵਾਟਰ ਕੂਲਰਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਫਾਲਟ ਠੀਕ ਕਰ ਕੇ ਦੁਬਾਰਾ ਲਾਏਗਾ। ਆਉਣ ਵਾਲੇ ਕੁਝ ਦਿਨਾਂ ਵਿਚ ਮਰੀਜ਼ਾਂ ਦੀ ਠੰਢੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੂਰਾ ਹੱਲ ਹੋ ਜਾਵੇਗਾ।