ਜ਼ਮੀਨ ਐਕਵਾਇਰ ਕਰਨ ਖ਼ਿਲਾਫ਼ ਆਸਾਰਾਮ ਟਰੱਸਟ ਦੀ ਅਪੀਲ ਖ਼ਾਰਜ
ਅਹਿਮਦਾਬਾਦ (ਪੀਟੀਆਈ) : ਸਾਲ
Publish Date: Fri, 17 Apr 2026 08:58 PM (IST)
Updated Date: Fri, 17 Apr 2026 09:00 PM (IST)
ਅਹਿਮਦਾਬਾਦ (ਪੀਟੀਆਈ) : ਸਾਲ 2030 ਵਿਚ ਹੋਣ ਵਾਲੀਆਂ ਕਾਮਨਵੈਲਥ ਗੇਮਜ਼ ਤੋਂ ਪਹਿਲਾਂ ਖੇਡਾਂ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਜ਼ਮੀਨ ਐਕਵਾਇਰ ਕਰਨ ਖ਼ਿਲਾਫ਼ ਕਥਾਵਾਚਕ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਦੀ ਅਪੀਲ ਨੂੰ ਗੁਜਰਾਤ ਹਾਈ ਕੋਰਟ ਨੇ ਨਿਯਮਾਂ ਦੀ ਉਲੰਘਣਾ ਅਤੇ ਕਬਜ਼ੇ ਦੇ ਹਵਾਲੇ ਨਾਲ ਖ਼ਾਰਜ ਕਰ ਦਿੱਤਾ। ਨਰਿੰਦਰ ਮੋਦੀ ਸਟੇਡੀਅਮ ਨੇੜੇ ਮੋਟੇਰਾ ਵਿਚ ਜਿਸ 45,000 ਵਰਗ ਮੀਟਰ ਤੋਂ ਵੱਧ ਜ਼ਮੀਨ ’ਤੇ ਆਸ਼ਰਮ ਬਣਿਆ ਹੈ, ਉਸ ਦਾ ਇਸਤੇਮਾਲ ਤਜਵੀਜ਼ਸ਼ੁਦਾ ਸਰਦਾਰ ਪਟੇਲ ਖੇਡ ਕੰਪਲੈਕਸ ਬਣਾਉਣ ਲਈ ਕੀਤਾ ਜਾਵੇਗਾ। ਕਬਜ਼ੇ ਅਤੇ ਜ਼ਮੀਨ ਦੀ ਅਲਾਟਮੈਂਟ ਤੇ ਨਿਯਮਤ ਕਰਨ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ਾਂ ’ਤੇ ਮਾਲੀਆ ਅਧਿਕਾਰੀਆਂ ਨੇ ਆਸ਼ਰਮ ਦਾ ਪ੍ਰਬੰਧ ਕਰਨ ਵਾਲੇ ਸੰਤ ਸ਼੍ਰੀ ਆਸਾਰਾਮ ਟਰੱਸਟ ਨੂੰ ਬੇਦਖਲੀ ਨੋਟਿਸ ਜਾਰੀ ਕੀਤਾ ਸੀ। ਟਰੱਸਟ ਨੇ ਇਸ ਨੂੰ ਹਾਈ ਕੋਰਟ ਦੀ ਸਿੰਗਲ ਬੈਂਚ ਵਿਚ ਚੁਣੌਤੀ ਦਿੱਤੀ ਸੀ, ਜਿਸ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸਿੰਗਲ ਬੈਂਚ ਦੇ ਫੈਸਲੇ ਖ਼ਿਲਾਫ਼ ਅਪੀਲ ਨੂੰ ਚੀਫ ਜਸਟਿਸ ਸੁਨੀਤਾ ਅਗਰਵਾਲ ਤੇ ਜਸਟਿਸ ਡੀਐੱਨ ਰਾਏ ਦੇ ਬੈਂਚ ਨੇ ਖਾਰਜ ਕਰਦਿਆਂ ਕਿਹਾ ਕਿ ਟਰੱਸਟ ਨੇ ਨਾ ਸਿਰਫ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਅਤੇ ਨਿਯਮਤ ਕਰਨ ਦੇ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸਗੋਂ ਅਲਾਟ ਕੀਤੀ ਜ਼ਮੀਨ ਦੇ ਆਸ-ਪਾਸ ਦੀ ਕਾਫੀ ਖੁੱਲ੍ਹੀ ਜ਼ਮੀਨ ’ਤੇ ਵੀ ਕਬਜ਼ਾ ਕਰ ਲਿਆ।