ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ 'ਆਪ' ਦਾ ਹੱਲਾਬੋਲ
ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ 'ਆਪ' ਦਾ ਹੱਲਾਬੋਲ; ਵਿਧਾਇਕ ਜਿੰਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ
Publish Date: Sun, 03 May 2026 04:50 PM (IST)
Updated Date: Mon, 04 May 2026 04:06 AM (IST)

- ਵਿਧਾਇਕ ਜਿੰਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਵੱਲੋਂ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਘੰਟਾਘਰ ਚੌਕ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚੌਕੀਦਾਰ ਚੋਰ ਹੈ ਦੇ ਨਾਅਰੇ ਲਗਾਉਂਦਿਆਂ ਆਪਣਾ ਗੁੱਸਾ ਜ਼ਾਹਰ ਕੀਤਾ। ਮਹਿੰਗਾਈ ਨੇ ਤੋੜਿਆ ਆਮ ਆਦਮੀ ਦਾ ਲੱਕ : ਜਿੰਪਾ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਮਹਿੰਗਾਈ ਨੂੰ ਨੱਥ ਪਾਉਣ ਲਈ ਕੋਈ ਕਦਮ ਨਹੀਂ ਚੁੱਕਿਆ, ਜਿਸ ਕਾਰਨ ਹਰ ਚੀਜ਼ ਦੀ ਕੀਮਤ ਅਸਮਾਨੀ ਚੜ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਘਰੇਲੂ ਅਤੇ ਵਪਾਰਕ ਗੈਸ ਦੋਵਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ, ਪਰ ਵਪਾਰਕ ਸਿਲੰਡਰ ਵਿੱਚ ਸਿੱਧਾ 1000 ਰੁਪਏ ਦੇ ਕਰੀਬ ਵਾਧਾ ਕਰਕੇ ਕੇਂਦਰ ਨੇ ਵਪਾਰੀਆਂ ਅਤੇ ਆਮ ਜਨਤਾ ਦੀ ਜੇਬ ਤੇ ਵੱਡਾ ਡਾਕਾ ਮਾਰਿਆ ਹੈ। ਜਿੰਪਾ ਨੇ ਕਿਹਾ ਕਿ ਜਦੋਂ ਵਪਾਰਕ ਸਿਲੰਡਰ ਮਹਿੰਗਾ ਹੁੰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਤੇ ਪੈਂਦਾ ਹੈ, ਜਿਸ ਨਾਲ ਗਰੀਬ ਵਰਗ ਹੋਰ ਕੁਚਲਿਆ ਜਾਂਦਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵੱਡਾ ਵਾਧਾ ਹੋਣ ਜਾ ਰਿਹਾ ਹੈ। ਵਪਾਰੀਆਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ : ਚੇਅਰਮੈਨ ਚੀਚੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੀਚੀ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਵਪਾਰਕ ਸਿਲੰਡਰ ਤੇ 993 ਰੁਪਏ ਦਾ ਵਾਧਾ ਛੋਟੇ ਵਪਾਰੀਆਂ, ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੇ ਕੰਮ ਨੂੰ ਬੰਦ ਕਰਨ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਕਾਲਾ ਧਨ ਵਾਪਸ ਲਿਆਉਣ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਤਾਂ ਲੈ ਲਈਆਂ, ਪਰ ਹੁਣ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੀਮਤਾਂ ਘਟਾਈਆਂ ਨਹੀਂ ਜਾਂਦੀਆਂ, ਆਪ ਦਾ ਸੰਘਰਸ਼ ਜਾਰੀ ਰਹੇਗਾ। ਛੋਟੇ ਕਾਰੋਬਾਰੀਆਂ ਦੀ ਰੋਜ਼ੀ-ਰੋਟੀ ’ਤੇ ਸੰਕਟ ਇਸ ਮੌਕੇ ਹੋਰ ਆਪ ਆਗੂਆਂ ਨੇ ਕਿਹਾ ਕਿ ਇਹ ਵਾਧਾ ਖ਼ਾਸ ਕਰਕੇ ਰੇਹੜੀਆਂ ਤੇ ਚਾਹ ਅਤੇ ਪਰੌਂਠੇ ਵੇਚ ਕੇ ਗੁਜ਼ਾਰਾ ਕਰਨ ਵਾਲੇ ਗਰੀਬਾਂ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਮਹਿੰਗੇ ਸਿਲੰਡਰ ਕਾਰਨ ਚਾਹ ਦਾ ਇੱਕ ਕੱਪ ਵੀ ਹੁਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ। ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਲਈ ਖੜ੍ਹੀ ਹੈ ਅਤੇ ਇਸ ਧੱਕੇਸ਼ਾਹੀ ਦਾ ਪੁਰਜ਼ੋਰ ਵਿਰੋਧ ਕਰਦੀ ਰਹੇਗੀ। ਇਸ ਰੋਸ ਪ੍ਰਦਰਸ਼ਨ ਵਿੱਚ ਵਿਧਾਇਕ ਜਿੰਪਾ ਦੇ ਨਾਲ ਆਗੂ ਅਜੈ ਕੁਮਾਰ ਵਰਮਾ, ਦਰਪਣ ਸੈਣੀ, ਸੁਦਰਸ਼ਨ ਧੀਰ, ਅਮਿਤ ਨਾਗੀ, ਸਤਿੰਦਰ ਸ਼ਰਮਾ ਅਤੇ ਵਰਿੰਦਰ ਕਤਨਾ ਸਮੇਤ ਹੋਰ ਕਈ ਪਤਵੰਤੇ ਸੱਜਣ ਅਤੇ ਵਰਕਰ ਮੌਜੂਦ ਸਨ।