ਮੁੱਖ ਮੰਤਰੀ ਦਾ ਬਿਆਨ ਬੇਬੁਨਿਆਦ : ਪਵਾਰ
ਆਮ ਆਦਮੀ ਪਾਰਟੀ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ : ਰਣਜੀਤ ਸਿੰਘ ਪਵਾਰ
Publish Date: Fri, 08 May 2026 06:29 PM (IST)
Updated Date: Fri, 08 May 2026 06:29 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਭਾਜਪਾ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਰਣਜੀਤ ਸਿੰਘ ਪਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਾਜਪਾ ’ਤੇ ਲਾਏ ਗਏ ਦੋਸ਼ਾਂ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਪੰਜਾਬ ’ਚ ਹੋਏ ਬੰਬ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਬਾਰੇ ਮੁੱਖ ਮੰਤਰੀ ਦਾ ਬਿਆਨ ਬੇਬੁਨਿਆਦ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੋ ਭਗਵੰਤ ਮਾਨ ਨੂੰ ਕਹਿੰਦੇ ਹਨ, ਉਹ ਬਿਨਾਂ ਸੋਚੇ-ਸਮਝੇ ਉਹੀ ਬਿਆਨ ਦੇ ਦਿੰਦੇ ਹਨ। ਪਵਾਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਇਸ ਤਰ੍ਹਾਂ ਦੀ ਰਾਜਨੀਤੀ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਜੇ ਮੁੱਖ ਮੰਤਰੀ ਕੋਲ ਆਪਣੇ ਦੋਸ਼ਾਂ ਸਬੰਧੀ ਕੋਈ ਸਬੂਤ ਹਨ ਤਾਂ ਉਹ ਜਨਤਕ ਕਰਨ, ਨਹੀਂ ਤਾਂ ਤੁਰੰਤ ਭਾਜਪਾ ਅਤੇ ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਣ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ। ਜਦੋਂ ਚੋਣ ਜ਼ਾਬਤਾ ਲਾਗੂ ਹੋਵੇਗਾ ਤਾਂ ਸੱਤਾ ਦੀ ਤਾਕਤ ਖਤਮ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਬੋਲਣ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸੱਤਾ ਦੀ ਵਰਤੋਂ ਸਿਰਫ ਲੋਕ ਹਿੱਤ ਲਈ ਹੋਣਾ ਚਾਹੀਦਾ ਹੈ, ਨਾ ਕਿ ਨਿੱਜੀ ਸਵਾਰਥਾਂ ਲਈ। ਜੋ ਲੋਕ ਪੰਜਾਬ ’ਚ ਰਹਿ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਵੀ ਵਿਦੇਸ਼ੀ ਤਾਕਤਾਂ ਦਾ ਸਹਾਰਾ ਲੈ ਕੇ ਦੇਸ਼ ਦੀ ਰਾਜਨੀਤੀ ਵਿੱਚ ਅੱਗੇ ਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਕਦੇ ਕਬੂਲ ਨਹੀਂ ਕਰਨਗੇ।