ਗੜ੍ਹਸ਼ੰਕਰ ਨਗਰ ਕੌਂਸਲ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਲੋਕਾਂ ਨੇ ਵਿਕਾਸ ਦੀ ਰਾਜਨੀਤੀ ‘ਤੇ ਲਗਾਈ ਮੋਹਰ
ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਿੱਚੋਂ 8 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਵੱਡੀ ਸਿਆਸੀ ਬੜ੍ਹਤ ਹਾਸਲ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਕ-ਦੂਜੇ ਨੂੰ ਮਿੱਠਾਈਆਂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ।
Publish Date: Fri, 29 May 2026 07:33 PM (IST)
Updated Date: Fri, 29 May 2026 07:36 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਿੱਚੋਂ 8 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਵੱਡੀ ਸਿਆਸੀ ਬੜ੍ਹਤ ਹਾਸਲ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਕ-ਦੂਜੇ ਨੂੰ ਮਿੱਠਾਈਆਂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਬਿਮਲਾ ਦੇਵੀ, ਵਾਰਡ ਨੰਬਰ 3 ਤੋਂ ਜਸਵੀਰ ਕੌਰ, ਵਾਰਡ ਨੰਬਰ 4 ਤੋਂ ਪ੍ਰਿੰਸ, ਵਾਰਡ ਨੰਬਰ 5 ਤੋਂ ਨੀਰਜ ਖੰਨਾ, ਵਾਰਡ ਨੰਬਰ 6 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 8 ਤੋਂ ਸੋਮਨਾਥ ਬੰਗੜ, ਵਾਰਡ ਨੰਬਰ 9 ਤੋਂ ਜਸਵਿੰਦਰ ਕੌਰ ਅਤੇ ਵਾਰਡ ਨੰਬਰ 12 ਤੋਂ ਉਪਕਰਨ ਸਿੰਘ ਬੰਗੜ ਨੇ ਜਿੱਤ ਦਰਜ ਕੀਤੀ।
ਚੋਣ ਨਤੀਜਿਆਂ ਤੋਂ ਬਾਅਦ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ ਅਤੇ ਲੋਕਾਂ ਨੇ ਵਿਕਾਸ ਦੀ ਰਾਜਨੀਤੀ ‘ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਵਿਕਾਸ ਕਾਰਜਾਂ ‘ਤੇ ਵਿਸ਼ਵਾਸ ਜਤਾਇਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਡਿਪਟੀ ਸਪੀਕਰ ਨੇ ਭਰੋਸਾ ਦਿਵਾਇਆ ਕਿ ਨਗਰ ਕੌਂਸਲ ਵਿੱਚ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾ ਕੇ ਗੜ੍ਹਸ਼ੰਕਰ ਨੂੰ ਵਿਕਾਸ ਪੱਖੋਂ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾਵੇਗਾ।