ਪੁਲਿਸ ਦੀ ਗੱਡੀ ਦੇਖ ਕੇ ਬੱਸ ਅੱਡੇ ਤੋਂ ਖਿਸਕਣ ਲੱਗਾ ਨੌਜਵਾਨ, ਘੇਰਾ ਪਾ ਕੇ ਫੜਿਆ ਤਾਂ ਬੋਰੇ 'ਚੋਂ ਨਿਕਲੇ 5.5 ਕਿੱਲੋ ਡੋਡੇ
ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪੁਲਿਸ ਦੀ ਗੱਡੀ ਨੂੰ ਅਚਾਨਕ ਆਪਣੇ ਸਾਹਮਣੇ ਦੇਖ ਕੇ ਬੈਂਚ 'ਤੇ ਬੈਠਾ ਨੌਜਵਾਨ ਬੁਰੀ ਤਰ੍ਹਾਂ ਘਬਰਾ ਗਿਆ। ਉਹ ਤੁਰੰਤ ਬੋਰਾ ਚੁੱਕ ਕੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕ ਦੇ ਬਿਨਾਂ 'ਤੇ ਉਸ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ
Publish Date: Fri, 29 May 2026 11:56 AM (IST)
Updated Date: Fri, 29 May 2026 12:02 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਮੁਹਿੰਮ ਤਹਿਤ ਚੱਬੇਵਾਲ ਅਤੇ ਮੇਹਟੀਆਣਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ਼੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇੱਕ ਮਾਮਲੇ ਵਿੱਚ ਭਾਰੀ ਮਾਤਰਾ ਵਿੱਚ ਚੂਰਾ ਪੋਸਤ (ਡੋਡੇ) ਸਮੇਤ ਇੱਕ ਪ੍ਰਵਾਸੀ ਨੌਜਵਾਨ ਨੂੰ ਦਬੋਚਿਆ ਗਿਆ ਹੈ, ਜਦਕਿ ਦੂਜੇ ਮਾਮਲੇ ਵਿੱਚ ਮੁਖ਼ਬਰ ਦੀ ਇਤਲਾਹ 'ਤੇ ਇੱਕ ਨਸ਼ ਦੀ ਹਾਲਤ ਵਿੱਚ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਥਾਣਾ ਚੱਬੇਵਾਲ ਦੇ ਏ.ਐਸ.ਆਈ. ਪਰਮਜੀਤ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ 'ਤੇ ਸਨ। ਪੁਲਿਸ ਨੇ ਦੱਸਿਆ ਕਿ ਜਦੋਂ ਸਰਕਾਰੀ ਗੱਡੀ ਵਿੱਚ ਸਵਾਰ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚੱਬੇਵਾਲ ਦੇ ਮੁੱਖ ਬੱਸ ਅੱਡੇ 'ਤੇ ਪਹੁੰਚੀ ਤਾਂ ਉੱਥੇ ਬਣੇ ਇੱਕ ਸ਼ੈੱਡ ਦੇ ਬੈਂਚ 'ਤੇ ਇੱਕ ਨੌਜਵਾਨ ਪੀਲੇ ਰੰਗ ਦਾ ਪਲਾਸਟਿਕ ਦਾ ਬੋਰਾ ਫੜ ਕੇ ਬੈਠਾ ਦਿਖਾਈ ਦਿੱਤਾ।
ਪੁਲਿਸ ਦੀ ਗੱਡੀ ਦੇਖ ਕੇ ਲੱਗਾ ਖਿਸਕਣ, ਤਲਾਸ਼ੀ ਦੌਰਾਨ ਖੁੱਲ੍ਹਿਆ ਰਾਜ਼
ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪੁਲਿਸ ਦੀ ਗੱਡੀ ਨੂੰ ਅਚਾਨਕ ਆਪਣੇ ਸਾਹਮਣੇ ਦੇਖ ਕੇ ਬੈਂਚ 'ਤੇ ਬੈਠਾ ਨੌਜਵਾਨ ਬੁਰੀ ਤਰ੍ਹਾਂ ਘਬਰਾ ਗਿਆ। ਉਹ ਤੁਰੰਤ ਬੋਰਾ ਚੁੱਕ ਕੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕ ਦੇ ਬਿਨਾਂ 'ਤੇ ਉਸ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ।
ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤਸਕਰ
ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਨੌਜਵਾਨ ਨੇ ਆਪਣੀ ਪਛਾਣ ਵਿਪਨ ਕੁਮਾਰ ਪੁੱਤਰ ਸੋਨ ਪਾਲ, ਵਾਸੀ ਪਿੰਡ ਨਿਊਰਾ, ਥਾਣਾ ਰੱਜਪੁਰਾ, ਜ਼ਿਲ੍ਹਾ ਸੰਬਲ (ਉੱਤਰ ਪ੍ਰਦੇਸ਼) ਵਜੋਂ ਦੱਸੀ, ਜੋ ਅੱਜਕੱਲ੍ਹ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਹੁੱਕੜਾ ਵਿਖੇ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਕਾਨੂੰਨੀ ਪ੍ਰਕਿਰਿਆ ਤਹਿਤ ਉਸ ਦੇ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 5.5 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ।
ਮੁਖ਼ਬਰੀ ਦੇ ਅਧਾਰ 'ਤੇ ਨਸ਼ੇ ਦੀ ਹਾਲਤ 'ਚ ਘੁੰਮ ਰਿਹਾ ਨੌਜਵਾਨ
ਇੱਕ ਹੋਰ ਮਾਮਲੇ ਵਿੱਚ ਥਾਣਾ ਮੇਹਟੀਆਣਾ ਦੇ ਏ.ਐਸ.ਆਈ. ਓਂਕਾਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਅਨਸਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਫੁਗਲਾਣਾ ਤੋਂ ਪੰਡੌਰੀ ਕੱਦ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਪੰਡੌਰੀ ਕੱਦ ਦੇ ਬਾਹਰਵਾਰ ਮੌਜੂਦ ਸੀ ਤਾਂ ਇੱਕ ਮੁਖ਼ਬਰ ਖ਼ਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਪਿੰਡ ਪੰਡੌਰੀ ਕੱਦ ਦਾ ਰਹਿਣ ਵਾਲਾ ਕਿਸ਼ੋਰ ਕੁਮਾਰ ਪੁੱਤਰ ਰਾਮ ਲਾਲ, ਜੋ ਕਿ ਕਥਿਤ ਤੌਰ 'ਤੇ ਨਸ਼ੇ ਕਰਨ ਦਾ ਆਦੀ ਹੈ, ਇਸ ਵੇਲੇ ਵੀ ਨਸ਼ੇ ਦੀ ਲੋਰ ਵਿੱਚ ਪਿੰਡ ਪੰਡੌਰੀ ਕੱਦ ਦੇ ਪਿਛਲੇ ਪਾਸੇ ਘੁੰਮ ਰਿਹਾ ਹੈ।
ਘੇਰਾਬੰਦੀ ਕਰਕੇ ਕੀਤਾ ਕਾਬੂ
ਪੁਲਿਸ ਨੇ ਦੱਸਿਆ ਕਿ ਮੁਖ਼ਬਰ ਵੱਲੋਂ ਦੱਸੀ ਗਈ ਜਗ੍ਹਾ ਤੋਂ ਕਿਸ਼ੋਰ ਕੁਮਾਰ ਨੂੰ ਕਾਬੂ ਕਰਕੇ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਡੋਪ ਟੈਸਟ ਕਰਵਾਇਆ ਗਿਆ ਜੋ ਪੋਜਟਿਵ ਆਉਣ ਤੇ ਉਸ ਖ਼ਿਲਾਫ ਮੁਕਦਮਾ ਦਰਜ਼ ਕੀਤਾ ਗਿਆ।