ਜਲੰਧਰ ਦੇ ਆਕਾਸ਼ ਦੀ ਆਖ਼ਰਕਾਰ ਹੋਈ ਘਰ ਵਾਪਸੀ
13 ਸਾਲਾਂ ਬਾਅਦ ਨਿਉਜ਼ੀਲੈਂਡ ਤੋਂ ਬਿਮਾਰ ਪਿਤਾ ਨੂੰ ਮਿਲਣ ਆ ਰਹੇ ਨੌਜਵਾਨ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਡਿਪੋਰਟ
Publish Date: Wed, 13 May 2026 08:59 PM (IST)
Updated Date: Wed, 13 May 2026 09:00 PM (IST)

-ਸੁਰੱਖਿਆ ਦੇਸ਼ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਕੀਤਾ ਧੰਨਵਾਦ -ਨਿਊਜ਼ੀਲੈਂਡ ਤੋਂ ਲਈ ਫਲਾਈਟ, ਦਿੱਲੀ ਉਤਰਿਆ ਪਰ ਫਸਿਆ ਮਲੇਸ਼ੀਆ ਚ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮਲੇਸ਼ੀਆ ਏਅਰਪੋਰਟ ਤੇ ਡਿਟੈਂਸ਼ਨ ਸੈਂਟਰ ਵਿੱਚ ਕਰੀਬ 15 ਦਿਨ ਤੱਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਜਲੰਧਰ ਦੇ ਨੌਜਵਾਨ ਆਕਾਸ਼ ਦੀ ਆਖਿਰਕਾਰ ਸੁਰੱਖਿਅਤ ਭਾਰਤ ਵਾਪਸੀ ਹੋ ਗਈ ਹੈ। ਇਹ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੰਭਵ ਹੋ ਸਕੀ। ਪੀੜਤ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਦਦ ਲਈ ਫਰਿਆਦ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਤੋਂ ਸਾਰੇ ਕਾਨੂੰਨੀ ਟ੍ਰੈਵਲ ਡਾਕੂਮੈਂਟ ਬਣਵਾ ਕੇ ਭਾਰਤ ਆਇਆ ਸੀ ਪਰ ਦਿੱਲੀ ਪਹੁੰਚਦੇ ਹੀ ਉਸਦੀ ਐਂਟਰੀ ਰੱਦ ਕਰ ਦਿੱਤੀ ਗਈ। ਉਸ ਨੇ ਦੋਸ਼ ਲਗਾਇਆ ਕਿ ਦਿੱਲੀ ਏਅਰਪੋਰਟ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੀ “ਈਗੋ ਹਰਟ” ਹੋਣ ਕਾਰਨ ਜਾਣਬੁੱਝ ਕੇ ਉਸ ਨੂੰ ਆਪਣੇ ਹੀ ਦੇਸ਼ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਤੇ ਮਲੇਸ਼ੀਆ ਭੇਜ ਦਿੱਤਾ। ਭਾਰਤ ਵਾਪਸੀ ਤੋਂ ਬਾਅਦ ਆਕਾਸ਼ ਆਪਣੇ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮਿਲਣ ਪੁੱਜਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਆਕਾਸ਼ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਨਾਲ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲੀ ਮਈ ਨੂੰ ਉਹ ਸੰਤ ਸੀਚੇਵਾਲ ਨੂੰ ਮਿਲੇ ਸਨ ਤੇ ਉਨ੍ਹਾਂ ਵੱਲੋਂ ਤੁਰੰਤ ਕੀਤੇ ਗਏ ਯਤਨਾਂ ਕਾਰਨ ਉਨ੍ਹਾਂ ਦਾ ਪੁੱਤਰ ਕੇਵਲ 9 ਦਿਨਾਂ ਵਿੱਚ ਸੁਰੱਖਿਅਤ ਭਾਰਤ ਵਾਪਸ ਆ ਸਕਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਮਲੇਸ਼ੀਆ ਸਥਿਤ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਨੌਜਵਾਨ ਸੁਰੱਖਿਅਤ ਤੌਰ ‘ਤੇ ਭਾਰਤ ਵਾਪਸ ਆ ਸਕਿਆ। ਉਨ੍ਹਾਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਧੂਰੀ ਜਾਣਕਾਰੀ ਜਾਂ ਫਰਜ਼ੀ ਏਜੰਟਾਂ ਦੇ ਝਾਂਸੇ ’ਚ ਆ ਕੇ ਵਿਦੇਸ਼ ਨਾ ਜਾਣ।