ਘਰ ਦੀ ਛੱਤ ਡਿੱਗੀ, ਮੁਸ਼ਕਲ ਨਾਲ ਬਚੇ ਨਵਜੰਮਿਆ ਬੱਚਾ ਤੇ ਉਸਦੀ ਮਾਂ
ਨੌਜਵਾਨ ਮਜ਼ਦੂਰ ਔਰਤ ਤੇ ਉਸਦਾ ਨਵਜੰਮਿਆਂ ਬੱਚਾ ਬੜੀ ਮੁਸ਼ਕਲ ਨਾਲ ਬਚਿਆ, ਕਈ ਮਜ਼ਦੂਰਾਂ ਦੇ ਕੋਠੇ ਡਿੱਗੇ, ਅਨੇਕਾਂ ਛੱਤਾਂ ਚੋਅ ਰਹੀਆਂ
Publish Date: Wed, 03 Sep 2025 07:46 PM (IST)
Updated Date: Thu, 04 Sep 2025 04:07 AM (IST)

ਬਰਸਾਤ ਕਾਰਨ ਕਈ ਮਜ਼ਦੂਰਾਂ ਦੇ ਕੋਠੇ ਡਿੱਗੇ, ਅਨੇਕਾਂ ਛੱਤਾਂ ਚੋਅ ਰਹੀਆਂ : ਘੁੱਗਸ਼ੋਰ ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਲਗਾਤਾਰ ਪੈ ਰਹੀ ਮੀਂਹ ਕਾਰਨ ਪਿੰਡ ਕੁੱਦੋਵਾਲ ’ਚ ਬੁੱਧਵਾਰ ਸਵੇਰੇ ਖਸਤਾ ਹਾਲਤ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਦੌਰਾਨ ਉਥੇ ਰਹਿ ਰਹੀ ਮਜ਼ਦੂਰ ਆਰਤੀ ਪਤਨੀ ਰਵੀ ਕੁਮਾਰ ਤੇ ਉਸ ਦੇ 22 ਦਿਨ ਦੇ ਬੱਚੇ ਦਾ ਬੜੀ ਮੁਸ਼ਕਲ ਨਾਲ ਬਚਾਅ ਹੋ ਸਕਿਆ। ਰਵੀ ਕੁਮਾਰ ਨੇ ਦੱਸਿਆ ਕਿ ਆਰਤੀ ਆਪਣੇ ਪੁੱਤ ਨੂੰ ਮੰਜ਼ੇ ਉੱਪਰ ਪਾ ਕੇ ਕਮਰੇ ਅੰਦਰੋਂ ਮੀਂਹ ਦਾ ਪਾਣੀ ਕੱਢ ਰਹੀ ਸੀ ਕਿ ਤਾਂ ਅਚਾਨਕ ਕਮਰੇ ਦੇ ਦੂਸਰੇ ਹਿੱਸੇ ਦੀ ਛੱਤ ਡਿੱਗ ਗਈ ਪਰ ਉਹ ਤੇ ਉਸਦਾ ਬੱਚਾ ਬੜੀ ਮੁਸ਼ਕਲ ਨਾਲ ਬਚੇ। ਇਸੇ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਯੂਨੀਅਨ ਦੀ ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ। ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੇ ਦਰਜਨਾਂ ਘਰਾਂ ’ਚ ਜਾ ਕੇ ਦੇਖਿਆ ਕਿ ਖ਼ਸਤਾ ਹਾਲਤ ਕਈ ਘਰ ਬਾਰਸ਼ ਕਾਰਨ ਡਿੱਗ ਗਏ ਤੇ ਅਨੇਕਾਂ ਘਰਾ ਦੀਆਂ ਛੱਤਾਂ ਚੋਅ ਰਹੀਆਂ ਸਨ। ਪੀੜਤ ਲੋਕਾਂ ਦਾ ਰਾਸ਼ਨ ਪਾਣੀ, ਲੀੜਾ-ਕੱਪੜਾ ਸਭ ਕੁਝ ਭਿੱਜ ਕੇ ਖ਼ਰਾਬ ਹੋ ਗਿਆ। ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਕੀ ਪਿੰਡਾਂ ਦੇ ਲੋਕਾਂ ਵਾਂਗ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਉਸਾਰੀ ਲਈ ਗ੍ਰਾਂਟਾਂ ਲਈ ਅਪਲਾਈ ਕੀਤਾ। ਪੰਚਾਇਤਾਂ ਤੋਂ ਲੈ ਕੇ ਸਰਕਾਰਾਂ ਤੱਕ ਸਭ ਨੂੰ ਗੁਹਾਰ ਲਗਾਈ ਲੇਕਿਨ ਕਿਸੇ ਦੇ ਕੰਨਾਂ ਤੱਕ ਜੂੰਅ ਨਹੀਂ ਸਰਕੀ। ਪਿੰਡ ਦੇ ਹੀ ਦੋ ਧੀਆਂ ਤੇ ਇਕ ਲੜਕੇ ਦਾ ਬਾਪ ਮਜ਼ਦੂਰ ਸੱਤਪਾਲ ਉਰਫ਼ ਸੱਤੂ ਪੁੱਤਰ ਜੁੰਮਾਂ ਅਧਰੰਗ ਹੋਣ ਕਰ ਕੇ ਮੰਜੇ ਉੱਪਰ ਪਿਆ ਹੋਇਆ ਤੇ ਇਲਾਜ ਕਰਵਾਉਣ ਚ ਉਹ ਪੂਰੀ ਤਰ੍ਹਾਂ ਬੇਵਸ ਹੈ। ਉਸਦੇ ਖ਼ਸਤਾ ਹਾਲ ਘਰ ਦੀ ਛੱਤ ਚੋਅ ਰਹੀ ਹੈ ਪਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਪੁੱਜ ਕੇ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੀੜਤ ਮਜ਼ਦੂਰਾਂ ਨੂੰ ਮਕਾਨ ਉਸਾਰੀ ਲਈ ਗ੍ਰਾਂਟਾਂ ਦਿੱਤੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਆਹ ਦਿਨ ਨਾਂ ਦੇਖਣੇ ਪੈਂਦੇ। ਬਾਰਸ਼ਾਂ ਕਾਰਨ ਕੰਮ ਧੰਦੇ ਵੀ ਬੰਦ ਹਨ ਤੇ ਉਨ੍ਹਾਂ ਪਾਸ ਆਮਦਨ ਦਾ ਕੋਈ ਸਾਧਨ ਵੀ ਨਹੀਂ ਤੇ ਲੋਕਾਂ ਦੇ ਟੈਕਸਾਂ ਰਾਹੀਂ ਸਰਕਾਰੀ ਖ਼ਜ਼ਾਨੇ ’ਚੋਂ ਮਿਲਣ ਵਾਲੀ ਰਾਹਤ ਵੀ ਕੋਈ ਦੇਣ ਲਈ ਤਿਆਰ ਨਹੀਂ ਤੇ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਕਾਰੀਆਂ ਤਰਪਾਲਾਂ ਤੱਕ ਵੀ ਮੁਹੱਈਆ ਨਹੀਂ ਕਰਵਾ ਸਕਿਆ। ਉਨ੍ਹਾਂ ਮੰਗ ਕੀਤੀ ਕਿ ਹੜ੍ਹਾਂ, ਬਾਰਸ਼ਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਜ਼ਦੂਰਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ, ਮਜ਼ਦੂਰਾਂ ਦੇ ਡਿੱਗੇ ਘਰਾਂ ਤੇ ਖ਼ਸਤਾ ਹਾਲਤ ਘਰਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ 5-5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਤੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਕੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।