ਸਪੋਰਟਸ ਕਾਲਜ ਦੇ ਐਥਲੈਟਿਕਸ ਟ੍ਰੈਕ ਨਾਲ ਬਣੇਗਾ ਵਾਰਮਅੱਪ ਟ੍ਰੈਕ ਤੇ ਹਿੱਲ
ਸਪੋਰਟਸ ਕਾਲਜ ਦੇ ਐਥਲੈਟਿਕਸ ਟ੍ਰੈਕ ਨਾਲ ਬਣੇਗਾ ਵਾਰਮਅੱਪ ਟ੍ਰੈਕ ਤੇ ਹਿੱਲ, ਜਲਦੀ ਲੱਗੇਗਾ ਟੈਂਡਰ
Publish Date: Tue, 05 May 2026 09:34 PM (IST)
Updated Date: Tue, 05 May 2026 09:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੁਣ ਖਿਡਾਰੀ ਸਪੋਰਟਸ ਕਾਲਜ ਵਿੱਚ ਬਣ ਰਹੇ ਐਥਲੈਟਿਕਸ ਟ੍ਰੈਕ ਦੇ ਨਾਲ ਵਾਰਮਅੱਪ ਟ੍ਰੈਕ ‘ਤੇ ਵੀ ਟ੍ਰੇਨਿੰਗ ਕਰ ਸਕਣਗੇ। ਵਾਰਮਅੱਪ ਟ੍ਰੈਕ ਦੇ ਨਿਰਮਾਣ ਨੂੰ ਲੈ ਕੇ ਖੇਡ ਵਿਭਾਗ ਚੰਡੀਗੜ੍ਹ ਤੋਂ ਅਧਿਕਾਰੀ ਸਪੋਰਟਸ ਕਾਲਜ ਦੇ ਟ੍ਰੈਕ ਦਾ ਨਿਰੀਖਣ ਕਰਨ ਲਈ ਪੁੱਜੇ ਸਨ। ਟ੍ਰੈਕ ਦੇ ਨਿਰਮਾਣ ਲਈ ਵਿਭਾਗ ਵੱਲੋਂ ਬਲੂ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਟੈਂਡਰ ਜਾਰੀ ਕੀਤੇ ਜਾਣਗੇ। ਟੈਂਡਰ ਜਾਰੀ ਹੋਣ ਤੋਂ ਬਾਅਦ ਵਾਰਮਅੱਪ ਟ੍ਰੈਕ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਟ੍ਰੈਕ ਦੇ ਨਿਰਮਾਣ ‘ਤੇ ਲਗਭਗ ਡੇਢ ਕਰੋੜ ਰੁਪਏ ਖਰਚ ਆਵੇਗਾ। ਐਥਲੈਟਿਕਸ ਟ੍ਰੈਕ ’ਤੇ ਹਰ ਰੋਜ਼ 200 ਤੋਂ ਵੱਧ ਐਥਲੀਟ ਅਭਿਆਸ ਕਰਦੇ ਹਨ। ਇਸ ਟ੍ਰੈਕ ਨੇ ਦੇਸ਼ ਨੂੰ ਕਈ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਓਲੰਪਿਕ ਖਿਡਾਰੀ ਦਿੱਤੇ ਹਨ। ਵਾਰਮਅੱਪ ਟ੍ਰੈਕ ਦੇ ਨਿਰਮਾਣ ਲਈ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਪੰਜਾਬ ਸਰਕਾਰ ਕੋਲ ਮੰਗ ਰੱਖੀ ਗਈ ਸੀ। ਵਾਰਮਅੱਪ ਟ੍ਰੈਕ ਦੇ ਨਾਲ 100 ਮੀਟਰ ਲੰਬੀ ਹਿੱਲ ਵੀ ਤਿਆਰ ਕੀਤੀ ਜਾਵੇਗੀ। ------------------------- ਵਾਰਮਅੱਪ ਟ੍ਰੈਕ ‘ਤੇ ਖਿਡਾਰੀ ਕਰ ਸਕਣਗੇ ਸਟ੍ਰੈਚਿੰਗ ਵਾਰਮਅੱਪ ਟ੍ਰੈਕ ਦੇ ਬਣਨ ਨਾਲ ਖਿਡਾਰੀ ਆਸਾਨੀ ਨਾਲ ਸਟ੍ਰੈਚਿੰਗ ਕਰ ਸਕਣਗੇ। ਅਕਸਰ ਸੂਬਾ ਤੇ ਕੌਮੀ ਪੱਧਰ ਦੀਆਂ ਐਥਲੈਟਿਕਸ ਚੈਂਪੀਅਨਸ਼ਿਪਾਂ ਦੌਰਾਨ ਐਥਲੀਟਾਂ ਨੂੰ ਵਾਰਮਅੱਪ ਕਰਨ ਦਾ ਮੌਕਾ ਨਹੀਂ ਮਿਲਦਾ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਹੈਮਸਟਰਿੰਗ ਇੰਜਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਐਥਲੀਟਾਂ ਨੂੰ ਥੋੜੇ ਸਮੇਂ ਵਿੱਚ ਹੀ ਵਾਰਮਅੱਪ ਕਰਨਾ ਪੈਂਦਾ ਹੈ। 100 ਮੀਟਰ ਦਾ ਟ੍ਰੈਕ ਤਿਆਰ ਕੀਤਾ ਜਾਣਾ ਹੈ। ਇਸ ਦੇ ਨਾਲ ਕਈ ਐਥਲੀਟ ਸ਼ਹਿਰ ਦੇ ਫਲਾਈਓਵਰਾਂ ‘ਤੇ ਅਭਿਆਸ ਕਰਦੇ ਹਨ, ਜਿਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਪ੍ਰਦੂਸ਼ਣ ਦਾ ਵੀ ਅਸਰ ਹੁੰਦਾ ਹੈ। ਇਸ ਦੇ ਬਣਨ ਨਾਲ ਐਥਲੀਟ ਚੈਂਪੀਅਨਸ਼ਿਪਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰ ਸਕਣਗੇ। --------------------------- ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਟੈਂਡਰ ਲੱਗਣ ਨਾਲ ਹੀ ਵਾਰਮਅੱਪ ਟ੍ਰੈਕ ਅਤੇ ਹਿੱਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਵਾਰਮਅੱਪ ਟ੍ਰੈਕ ਦਾ ਨਿਰਮਾਣ ਸਮੇਂ ਦੀ ਲੋੜ ਸੀ, ਜਿਸ ਨਾਲ ਐਥਲੀਟ ਚੈਂਪੀਅਨਸ਼ਿਪ ਤੋਂ ਕੁਝ ਮਿੰਟ ਪਹਿਲਾਂ ਹੀ ਵਾਰਮਅੱਪ ਕਰ ਸਕਣਗੇ। ਵਾਰਮਅੱਪ ਟ੍ਰੈਕ ਦੇ ਬਣਨ ਨਾਲ ਐਥਲੀਟਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਾਪਤ ਹੋਣਗੀਆਂ।