ਕੌਮੀ ਮਾਰਗ ’ਤੇ ਪਲਟਿਆ ਬੱਜਰੀ ਨਾਲ ਭਰਿਆ ਟਰੱਕ
ਨਕੋਦਰ–ਜਲੰਧਰ ਰਾਸ਼ਟਰੀ ਰਾਜਮਾਰਗ ’ਤੇ ਬੱਜਰੀ ਨਾਲ ਭਰਿਆ ਟ੍ਰੇਲਰ ’ਚ ਪਲਟਿਆ, ਵੱਡਾ ਹਾਦਸਾ ਟਲਿਆ
Publish Date: Tue, 21 Apr 2026 10:06 PM (IST)
Updated Date: Tue, 21 Apr 2026 10:10 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ-ਜਲੰਧਰ ਰਾਸ਼ਟਰੀ ਰਾਜਮਾਰਗ ਦੀ ਸਰਵਿਸ ਲੇਨ ’ਤੇ ਅੱਜ ਸ਼ਾਮ ਕਰੀਬ 5 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਬੱਜਰੀ ਨਾਲ ਭਰਿਆ ਇਕ 22-ਟਾਇਰ ਟਰੱਕ ਖੇਤਾਂ ਵਿੱਚ ਪਲਟ ਗਿਆ। ਜਾਣਕਾਰੀ ਮੁਤਾਬਕ ਇਹ ਜਲੰਧਰ ਤੋਂ ਨਕੋਦਰ ਵੱਲ ਆ ਰਿਹਾ ਸੀ ਤੇ ਪੁਲ ਤੋਂ ਹੇਠਾਂ ਉਤਰਦੇ ਸਮੇਂ ਅਚਾਨਕ ਸੰਤੁਲਨ ਗੁਆ ਬੈਠਾ। ਇਸ ਦੌਰਾਨ ਸਰਵਿਸ ਲੇਨ ’ਤੇ ਬਣੇ ਨਾਲੇ ਨੂੰ ਤੋੜਦਾ ਹੋਇਆ ਸਿੱਧਾ ਖੇਤਾਂ ਵਿੱਚ ਜਾ ਪਲਟਿਆ। ਹਾਦਸੇ ਦੌਰਾਨ ਉਸ ਦਾ ਅਗਲਾ ਕੈਬਿਨ ਹੁੱਕ ਟੁੱਟਣ ਕਾਰਨ ਅੱਗੇ ਵੱਲ ਖਿਸਕ ਗਿਆ ਪਰ ਖੁਸ਼ਕਿਸਮਤੀ ਨਾਲ ਉਸ ਸਮੇਂ ਸਾਹਮਣੇ ਕੋਈ ਵਾਹਨ ਜਾਂ ਵਿਅਕਤੀ ਨਹੀਂ ਸੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਚਾਲਕ ਤੇ ਉਸਦਾ ਸਾਥੀ ਮਾਮੂਲੀ ਜ਼ਖਮੀ ਹੋਏ ਹਨ। ਮੌਕੇ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਆਵਾਜਾਈ ਨੂੰ ਕਾਬੂ ਕੀਤਾ ਅਤੇ ਕਰੇਨ ਦੀ ਮਦਦ ਨਾਲ ਪਲਟੇ ਟਰੱਕ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ। ਚਾਲਕ ਦੇ ਬਿਆਨਾਂ ਅਨੁਸਾਰ ਅੱਗੇ ਆ ਰਹੇ ਇਕ ਕਾਰ ਵਾਹਨ ਕਰਕੇ ਹਾਦਸੇ ਦੀ ਸਥਿਤੀ ਬਣੀ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਹਨ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਵਾਜਾਈ ਨੂੰ ਹੌਲੀ-ਹੌਲੀ ਬਹਾਲ ਕੀਤਾ ਗਿਆ ਹੈ।