ਘਰ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜਿਆ
ਜਲੰਧਰ ਦੇ ਸੋਢਲ ਇਲਾਕੇ ’ਚ ਮੰਗਲਵਾਰ ਨੂੰ ਇਕ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਦੂਰੋਂ ਹੀ ਦਿਖਾਈ ਦੇਣ ਲੱਗਾ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਘਰ ਵਿਚਲਾ ਸਾਮਾਨ ਸੜ ਕੇ ਰਾਖ ਹੋ ਗਿਆ।
Publish Date: Tue, 26 May 2026 07:37 PM (IST)
Updated Date: Tue, 26 May 2026 07:40 PM (IST)

ਜਾਗਰਣ ਸੰਵਾਦਾਤਾ, ਜਲੰਧਰ : ਜਲੰਧਰ ਦੇ ਸੋਢਲ ਇਲਾਕੇ ’ਚ ਮੰਗਲਵਾਰ ਨੂੰ ਇਕ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਦੂਰੋਂ ਹੀ ਦਿਖਾਈ ਦੇਣ ਲੱਗਾ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਘਰ ਵਿਚਲਾ ਸਾਮਾਨ ਸੜ ਕੇ ਰਾਖ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਅੱਗ ਲਗਾਤਾਰ ਫੈਲਦੀ ਗਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕੁਝ ਹੀ ਮਿੰਟਾਂ ’ਚ ਘਰ ’ਚੋਂ ਉੱਚੀਆਂ ਲਾਟਾਂ ਉੱਠਣ ਲੱਗੀਆਂ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜ ਗਈਆਂ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਤੇ ਲਗਪਗ ਦੋ ਘੰਟਿਆਂ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਉਦੋਂ ਤੱਕ ਘਰ ਦੇ ਅੰਦਰ ਰੱਖਿਆ ਫਰਨੀਚਰ, ਕੱਪੜੇ, ਇਲੈਕਟ੍ਰਾਨਿਕ ਸਾਮਾਨ ਤੇ ਹੋਰ ਘਰੇਲੂ ਚੀਜ਼ਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਮਕਾਨ ਮਾਲਕ ਸ਼ੀਤਲ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਚਾਨਕ ਘਰ ’ਚ ਧੂੰਆਂ ਭਰ ਗਿਆ ਤੇ ਕੁਝ ਹੀ ਸਮੇਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪਰਿਵਾਰ ਦੇ ਮੈਂਬਰ ਕਿਸੇ ਤਰ੍ਹਾਂ ਬਾਹਰ ਨਿਕਲਣ ’ਚ ਸਫਲ ਰਹੇ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਇਸ ਦੌਰਾਨ ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਵੇਲੇ ਘਰ ’ਚ ਬੱਚੇ ਮਾਚਿਸ ਨਾਲ ਖੇਡ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮਾਚਿਸ ਦੀ ਇਕ ਤੀਲੀ ਬਿਸਤਰੇ 'ਤੇ ਡਿੱਗ ਗਈ, ਜਿਸ ਕਾਰਨ ਅੱਗ ਲੱਗ ਗਈ ਅਤੇ ਹੌਲੀ-ਹੌਲੀ ਪੂਰੇ ਕਮਰੇ ’ਚ ਫੈਲ ਗਈ। ਹਾਲਾਂਕਿ, ਅੱਗ ਲੱਗਣ ਦੇ ਸਹੀ ਕਾਰਨਾਂ ਦੀ ਪੁਸ਼ਟੀ ਜਾਂਚ ਮਗਰੋਂ ਹੀ ਹੋ ਸਕੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਫਾਇਰ ਬ੍ਰਿਗੇਡ ਤੇ ਪੁਲਿਸ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ।