ਮੰਡੀਆਂ ’ਚ ਪੁੱਜ ਕੇ ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਨੇ ਕੀਤੀ ਜਾਂਚ
ਵੱਧ ਖਰੀਦ ਵਾਲੀਆਂ ਮੰਡੀਆਂ ’ਚ ਖਾਦ ਤੇ ਸਪਲਾਈ ਵਿਭਾਗ ਦੀ ਟੀਮ ਪਹੁੰਚੀ, ਹੋਈ ਜਾਂਚ
Publish Date: Wed, 29 Apr 2026 11:06 PM (IST)
Updated Date: Wed, 29 Apr 2026 11:10 PM (IST)

-ਨਿਯਮਾਂ ਦੇ ਉਲਟ ਆਉਣ ਵਾਲੀ ਕਣਕ ’ਤੇ ਲੱਗੇਗੀ ਪਾਬੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੀਆਂ ਕਈ ਮੰਡੀਆਂ ’ਚ ਹੁਣੇ ਤੋਂ ਹੀ ਇੰਨੀ ਵਿਕਰੀ ਦਰਸਾ ਦਿੱਤੀ ਗਈ ਹੈ ਜਿੰਨੀ ਪਿਛਲੇ ਪੂਰੇ ਸੀਜ਼ਨ ਵਿੱਚ ਖਰੀਦ ਹੋਈ ਸੀ। ਜਦਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪੈਦਾਵਾਰ ਘੱਟ ਹੈ ਅਤੇ ਖਰੀਦ ਦਾ ਸੀਜ਼ਨ ਹਾਲੇ ਬਾਕੀ ਹੈ। ਇਸ ਨੂੰ ਦੇਖਦਿਆਂ ਖਾਦ ਤੇ ਸਪਲਾਈ ਵਿਭਾਗ ਨੇ ਫ਼ਰਜ਼ੀ ਖਰੀਦ ਦੀ ਸੰਭਾਵਨਾ ਜਤਾਉਂਦੇ ਹੋਏ ਬੁੱਧਵਾਰ ਨੂੰ ਜ਼ਿਲ੍ਹੇ ਦੇ ਕਈ ਸਥਾਨਾਂ ‘ਤੇ ਜਾ ਕੇ ਜਾਂਚ ਕੀਤੀ। ਇਸ ਦੌਰਾਨ ਮੰਡੀਆਂ ਵਿੱਚ ਕੀਤੀ ਗਈ ਖਰੀਦ ਦਾ ਰਿਕਾਰਡ ਚੈੱਕ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ‘ਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਤੇ ਡੀਐੱਮਓ ਅਰਵਿੰਦਰ ਸਿੰਘ ਸਾਹੀ ਦੀ ਅਗਵਾਈ ਹੇਠ ਟੀਮ ਨੇ ਮੰਡੀਆਂ ਦਾ ਦੌਰਾ ਕਰਕੇ ਆਮਦ ਤੇ ਖਰੀਦ ਦਾ ਰਿਕਾਰਡ ਜਾਂਚਿਆ। ਇਸ ਦੌਰਾਨ ਡੀਐੱਫਐੱਸਓ ਨਰਿੰਦਰ ਸਿੰਘ ਨੇ ਕਿਹਾ ਕਿ ਨਿਯਮਾਂ ਦੇ ਉਲਟ ਕਣਕ ਦੀ ਵਿਕਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ‘ਤੇ ਸਖ਼ਤੀ ਨਾਲ ਪਾਬੰਦੀ ਲਾਉਣ ਲਈ ਜ਼ਿਲ੍ਹੇ ’ਚ ਕਈ ਥਾਵਾਂ ‘ਤੇ ਨਾਕੇ ਲਾਏ ਗਏ ਹਨ। ਇਸ ਦੌਰਾਨ ਹੋਰ ਸੂਬਿਆਂ ਜਾਂ ਜ਼ਿਲ੍ਹਿਆਂ ਤੋਂ ਸ਼ਹਿਰ ਦੀ ਹੱਦ ’ਚ ਦਾਖ਼ਲ ਹੋ ਰਹੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਰਿਕਾਰਡ, ਬਿੱਲ ਅਤੇ ਸਟਾਕ ਦਾ ਮਿਲਾਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਬਾਰਡਰ ਇਲਾਕਿਆਂ ਵਿੱਚ ਨਾਕੇ ਲਗਾਏ ਗਏ ਹਨ, ਜਿੱਥੇ ਕਣਕ ਲੈ ਕੇ ਆ ਰਹੀਆਂ ਗੱਡੀਆਂ ਦੇ ਡਰਾਈਵਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ’ਚ ਕਣਕ ਦੀ ਵਿਕਰੀ ਸਿਰਫ਼ ਨਿਯਮਾਂ ਅਨੁਸਾਰ ਹੀ ਹੋਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਫਸਲ ਦੀ ਵਿਕਰੀ ਲਈ ਬਣਾਏ ਨਿਯਮਾਂ ਅਨੁਸਾਰ ਹੀ ਮੰਡੀਆਂ ’ਚ ਆਮਦ, ਵਿਕਰੀ, ਭੁਗਤਾਨ ਅਤੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਨਿਯਮਾਂ ਦੇ ਉਲਟ ਕਣਕ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਦੇ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। -------------------------- ਕਿਸਾਨਾਂ ਨੂੰ ਹਜ਼ਾਰ ਕਰੋੜ ਤੋਂ ਵੱਧ ਦੀ ਅਦਾਇਗੀ : ਡੀਸੀ ਦੂਜੇ ਪਾਸੇ ਡੀਸੀ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕਿਸਾਨਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 4,23,871 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਦੇ ਬਦਲੇ 1058 ਕਰੋੜ ਰੁਪਏ ਦੀ ਅਦਾਇਗੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 4,24,873 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 4,23,871 ਮੀਟ੍ਰਿਕ ਟਨ ਕਣਕ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦੇ ਕੰਮ ਨੂੰ ਵੀ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।