ਫੋਰਵ੍ਹੀਲਰ ਨੂੰ ਟਰੈਕਟਰ-ਟਰਾਲੀ ਨੇ ਮਾਰੀ ਟੱਕਰ, ਡਰਾਈਵਰ ਜ਼ਖ਼ਮੀ
ਅਖਬਾਰਾਂ ਨਾਲ ਲੱਦੇ ਛੋਟੇ ਹਾਥੀ ਨੂੰ ਟਰੈਕਟਰ ਟਰਾਲੀ ਨੇ ਮਾਰੀ ਟੱਕਰ, ਡਰਾਈਵਰ ਜਖਮੀ
Publish Date: Wed, 29 Apr 2026 06:36 PM (IST)
Updated Date: Wed, 29 Apr 2026 06:37 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਤੜਕੇ ਇਕ ਸੜਕ ਹਾਦਸਾ ਵਾਪਰਿਆ, ਜਿਸ ’ਚ ਅਖਬਾਰਾਂ ਨਾਲ ਲੱਦਾ ਫੋਰਵ੍ਹੀਲਰ ਟਰੈਕਟਰ ਟਰਾਲੀ ਦੀ ਟੱਕਰ ਨਾਲ ਪਲਟ ਗਿਆ। ਹਾਦਸੇ ਦੌਰਾਨ ਵਾਹਨ ਚਾਲਕ ਜ਼ਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੜਕੇ ਕਰੀਬ 4 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜੇਡੀ ਰੈਸਟੋਰੈਂਟ ਦੇ ਸਾਹਮਣੇ ਫੋਰਵ੍ਹੀਲਰ ਤੇ ਟਰੈਕਟਰ ਟਰਾਲੀ ਵਿਚਕਾਰ ਟੱਕਰ ਹੋ ਗਈ ਹੈ। ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ ਅਖਬਾਰਾਂ ਨਾਲ ਲੱਦਾ ਫੋਰਵ੍ਹੀਲਰ (ਨੰਬਰ ਪੀਬੀ-08-ਐੱਫਐੱਚ--6481), ਜਿਸ ਨੂੰ ਪ੍ਰਦੀਪ ਸ਼ਰਮਾ ਪੁੱਤਰ ਕਿਸ਼ੋਰ ਸ਼ਰਮਾ ਵਾਸੀ ਸੰਤੋਖਪੁਰਾ, ਜਲੰਧਰ ਚਲਾ ਰਿਹਾ ਸੀ, ਜਲੰਧਰ ਤੋਂ ਤਲਵਾੜਾ ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਅਣਪਛਾਤੀ ਟਰੈਕਟਰ ਟਰਾਲੀ ਨੇ ਵਾਹਨ ਨੂੰ ਸਾਈਡ ਮਾਰੀ, ਜਿਸ ਕਾਰਨ ਫੋਰਵ੍ਹੀਲਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਿਆ ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ’ਚ ਡਰਾਈਵਰ ਪ੍ਰਦੀਪ ਸ਼ਰਮਾ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਨੇੜਲੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਬਾਅਦ ’ਚ ਐੱਸਐੱਸਐੱਫ ਟੀਮ ਨੇ ਜੇਸੀਬੀ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਹਟਾ ਕੇ ਟਰੈਫਿਕ ਨੂੰ ਸੁਚਾਰੂ ਬਣਾਇਆ। ਇਸ ਸਬੰਧੀ ਥਾਣਾ ਭੋਗਪੁਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।