ਸੰਗਤ ਨੇ ਜਗਰਾਤੇ ਦੌਰਾਨ ਪੂਰੀ ਰਾਤ ਮਾਣਿਆ ਭਜਨਾਂ ਦਾ ਆਨੰਦ
ਚਿੰਤਪੁਰਨੀ ਵਿਖੇ ਨਰੇਸ਼ ਬਾਬਾ ਜੀ ਦੀ ਅਗਵਾਈ ਹੇਠ ਵਿਸ਼ਾਲ ਜਗਰਾਤਾ, ਸੰਗਤਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ
Publish Date: Mon, 11 May 2026 08:19 PM (IST)
Updated Date: Mon, 11 May 2026 08:21 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਚਿੰਤਪੁਰਨੀ ਵਿਖੇ ਨਰੇਸ਼ ਬਾਬਾ ਜੀ ਦੀ ਅਗਵਾਈ ਹੇਠ ਜਗਰਾਤਾ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਦੂਰ-ਦੂਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਪੁੱਜ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪੂਰਾ ਪੰਡਾਲ ਭਗਤੀਮਈ ਮਾਹੌਲ ਨਾਲ ਗੂੰਜਦਾ ਰਿਹਾ ਤੇ ਸੰਗਤ ਨੇ ਰਾਤ ਭਰ ਭਜਨਾਂ ਦਾ ਆਨੰਦ ਮਾਣਦਿਆਂ ਮਾਤਾ ਦਾ ਜਾਪ ਕੀਤਾ। ਇਸ ਮੌਕੇ ਨਰੇਸ਼ ਬਾਬਾ ਜੀ ਨੇ ਸੰਗਤ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੀ ਸੁਚੱਜੀ ਵਿਵਸਥਾ ਸਦਕਾ ਜਗਰਾਤਾ ਸਫਲਤਾਪੂਰਵਕ ਸੰਪੰਨ ਹੋਇਆ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਸੀ ਭਾਈਚਾਰੇ ਤੇ ਭਗਤੀ ਨਾਲ ਜੋੜਦੇ ਹਨ। ਜਗਰਾਤੇ ਦੌਰਾਨ ਮਨੀ ਲਾਡਲਾ ਨੇ ਆਪਣੇ ਸੁਰੀਲੇ ਭਜਨਾਂ ਨਾਲ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਨੇ ਮਾਤਾ ਦੇ ਭਜਨ ਗਾਉਣ ਸ਼ੁਰੂ ਕੀਤੇ, ਪੂਰਾ ਪੰਡਾਲ “ਜੈ ਮਾਤਾ ਦੀ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਗਤ ਨੇ ਭਜਨਾਂ ’ਤੇ ਝੂਮਦਿਆਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਮਨੀ ਲਾਡਲਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇੰਨੀ ਵੱਡੀ ਗਿਣਤੀ ’ਚ ਸੰਗਤ ਦੇ ਪਹੁੰਚਣ ਦੀ ਉਮੀਦ ਨਹੀਂ ਸੀ। ਉਨ੍ਹਾਂ ਸੰਗਤ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਦਰਸ਼ਕਾਂ ਦਾ ਪਿਆਰ ਤੇ ਅਸੀਸਾਂ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਹਨ।