- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਸ਼ਾਹਕੋਟ : ਸੰਤ ਅਵਤਾਰ ਸਿੰਘ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਸ਼ਾਹਕੋਟ ਤਹਿਸੀਲ ਦੇ ਪਿੰਡ ਸੀਚੇਵਾਲ ਵਿਖੇ ਕਰਵਾਏ ਜਾ ਰਹੇ ਪੰਜ ਰੋਜ਼ਾ ਖੇਡ ਮੇਲੇ ਦਾ ਐਤਵਾਰ ਸ਼ੁਭ ਆਰੰਭ ਹੋਇਆ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਡ ਮੇਲੇ ਦਾ ਉਦਘਾਟਨ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਅੱਜ ਹੋਏ ਹਾਕੀ ਮੁਕਾਬਲ਼ਿਆਂ ਵਿੱਚ ਦਿਲਚਪਸ ਗੱਲ ਇਹ ਰਹੀ ਕਿ ਇਨ੍ਹਾਂ ਵਿੱਚ ਹਾਕੀ ਦੇ ਤਿੰਨ ਕੌਮਾਂਤਰੀ ਖਿਡਾਰੀ ਵੀ ਆਪੋ ਆਪਣੀ ਟੀਮ ਵੱਲੋਂ ਖੇਡੇ। ਟੋਕੀਓ ਉਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਹਾਕੀ ਦੀ ਟੀਮ ਵਿੱਚ ਵਰੁਣ ਕੁਮਾਰ ਮਿੱਠਾਪੁਰ ਟੀਮ ਵੱਲੋਂ ਖੇਡੇ ਸਨ, ਇਸੇ ਤਰ੍ਹਾਂ ਕੌਮਾਂਤਰੀ ਹਾਕੀ ਮੁਕਾਬਲਿਆਂ ਵਿੱਚ ਖੇਡਣ ਵਾਲੇ ਤਲਵਿੰਦਰ ਸਿੰਘ ਤੇ ਗੁਰਜੋਤ ਸਿੰਘ ਨੇ ਵੀ ਸੀਚੇਵਾਲ ਦੇ ਐਸਟਰੋਟਰਫ ਤੇ ਆਪਣੇ ਜ਼ੌਹਰ ਦਿਖਾਏ।
ਖੇਡ ਮੇਲੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਕੁੱਲ 16 ਹਾਕੀ ਦੀਆਂ ਜੂਨੀਅਰ ਅਤੇ 16 ਹਾਕੀ ਦੀਆਂ ਸੀਨੀਅਰ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਨਵਾਂਸ਼ਹਿਰ, ਗੁਰਦਾਸਪੁਰ, ਕੁਰੂਕਸ਼ੇਤਰ (ਹਰਿਆਣਾ), ਜਲੰਧਰ, ਮੋਗਾ, ਸਰੀਂਹ, ਕਪੂਰਥਲਾ, ਪਠਾਨਕੋਟ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਸ਼ਾਮਲ ਹਨ। ਇਨ੍ਹਾਂ ਦੇ ਫਾਈਨਲ ਮੁਕਾਬਲੇ ਸੋਮਵਾਰ ਕਰਵਾਏ ਜਾਣਗੇ।
ਖੇਡ ਮੇਲੇ ਦੌਰਾਨ ਹਾਕੀ, ਕਬੱਡੀ, ਕੁਸ਼ਤੀ, ਵਾਲੀਬਾਲ ਅਤੇ ਐਥਲੈਟਿਕਸ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਕੱਲ੍ਹ ਕੁਸ਼ਤੀ ਅਤੇ ਰੈਸਲਿੰਗ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਨੂੰ ਦੇਖਣ ਲਈ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਜ਼ਿਲ੍ਹਆਂ ਤੋਂ ਹਾਕੀ ਦੀਆਂ ਟੀਮਾਂ ਸੀਚੇਵਾਲ ਪਹੁੰਚੀਆਂ ਅਤੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਭਰਪੂਰ ਪ੍ਰਦਰਸ਼ਨ ਕੀਤਾ। ਖੇਡ ਮੇਲੇ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰੱਖਣਾ ਹੈ।
ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ, ਜੋਗਾ ਸਿੰਘ ,ਬੂਟਾ ਸਿੰਘ, ਮਨਜੀਤ ਸਿੰਘ, ਮਾਸਟਰ ਦਿਲਬਾਗ ਸਿੰਘ, ਸੁਲੱਖਣ ਸਿੰਘ (ਮੈਂਬਰ ਪੰਚਾਇਤ), ਗੁਰਤੇਜ ਸਿੰਘ, ਬਲਵਿੰਦਰ ਸਿੰਘ ਸਰੋਪਲਵਾਲ, ਕੋਚ ਦਵਿੰਦਰ ਸਿੰਘ, ਦਵਿੰਦਰ ਮਲ੍ਹੀ, ਵਰਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਉਪਰਾਲੇ ਦਾ ਹਿੱਸਾ ਬਣਨ ਅਤੇ ਪੰਜਾਬ ਦੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਅਪੀਲ ਕੀਤੀ।