ਦਿਓਲ ਨਗਰ ਸਥਿਤ ਲਗਜ਼ਰੀ ਟਰੇਡ ਸਟੂਡੀਓ ’ਚ ਲੱਗੀ ਅੱਗ
4 ਫਾਇਰ ਬ੍ਰਿਗੇਡ ਗੱਡੀਆਂ
Publish Date: Sat, 30 May 2026 10:56 PM (IST)
Updated Date: Sun, 31 May 2026 04:08 AM (IST)

4 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਪਾਇਆ ਗਿਆ ਕਾਬੂ, ਬਾਜ਼ਾਰ ’ਚ ਮਚੀ ਹਫੜਾ-ਦਫੜੀ, ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਜਾਗਰਣ ਸੰਵਾਦਦਾਤਾ, ਜਲੰਧਰ ਬੂਟਾ ਮੰਡੀ ਸਥਿਤ ਦਿਓਲ ਨਗਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲਗਜ਼ਰੀ ਟਰੇਡ ਸਟੂਡੀਓ ਬਿਲਡਿੰਗ ਦੀ ਦੂਜੀ ਮੰਜ਼ਿਲ ’ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਪੂਰੀ ਇਮਾਰਤ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਤੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਹੀ ਸਮੇਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਬਾਜ਼ਾਰ ’ਚ ਮੌਜੂਦ ਲੋਕਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਫੈਲ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੁਕਾਨਦਾਰ ਅਨਮੋਲ ਨੇ ਦੱਸਿਆ ਕਿ ਉਹ ਗੋਦਾਮ ’ਚ ਬੈਠਾ ਸੀ, ਜਦੋਂ ਉਸ ਨੇ ਬਿਲਡਿੰਗ ਦੀ ਉਪਰਲੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਸੋਹਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨ ਦੀ ਦੂਜੀ ਮੰਜ਼ਿਲ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਵਿਭਾਗ ਦੀਆਂ ਟੀਮਾਂ ਲੋੜੀਂਦੇ ਸਾਮਾਨ ਨਾਲ ਮੌਕੇ ’ਤੇ ਪਹੁੰਚ ਗਈਆਂ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਫਾਈਟਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ’ਤੇ ਕਾਬੂ ਪਾਉਣ ਲਈ ਦੁਕਾਨ ਦੇ ਬਾਹਰ ਲੱਗੇ ਬੋਰਡਾਂ ਨੂੰ ਹਟਾਉਣਾ ਪਿਆ ਤੇ ਕਈ ਥਾਵਾਂ ’ਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਤਾਂ ਜੋ ਅੰਦਰ ਤੱਕ ਪਹੁੰਚ ਕੇ ਅੱਗ ਨੂੰ ਬੁਝਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ 4 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ। ਰਾਹਤ ਦੀ ਗੱਲ ਇਹ ਹੈ ਕਿ ਘਟਨਾ ਸਮੇਂ ਦੁਕਾਨ ਖੁੱਲ੍ਹੀ ਹੋਈ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਬੁਝਾਊ ਵਿਭਾਗ ਮੁਤਾਬਕ ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਨਾਲ ਹੋਏ ਆਰਥਿਕ ਨੁਕਸਾਨ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।