ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਪਿੰਡਾਂ ਦਾ ਦੌਰਾ
ਪਿੰਡਾਂ ਦੇ ਸਮੂਹ ਭਾਈਚਾਰਿਆਂ
Publish Date: Sat, 30 May 2026 08:07 PM (IST)
Updated Date: Sun, 31 May 2026 04:06 AM (IST)

ਪਿੰਡਾਂ ਦੇ ਸਮੂਹ ਭਾਈਚਾਰਿਆਂ ਦੀਆਂ ਮੁਸ਼ਕਲਾਂ ਤੇ ਮੰਗਾਂ ਸੁਣੀਆਂ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਹੋਏ ਨਤਮਸਤਕ ਗੱਦੀਨਸ਼ੀਨ ਸੰਤ ਆਤਮਾ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਫਿਲੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਪਿੰਡਾਂ ਦੇ ਸਮੂਹ ਭਾਈਚਾਰਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਸੁਣੀਆਂ ਤੇ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਫੋਨ ਕਰ ਕੇ ਜਲਦ ਤੋਂ ਜਲਦ ਢੁੱਕਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਚੇਅਰਮੈਨ ਗੜ੍ਹੀ ਨੇ ਕਿਹਾ ਕਿ ਇਹ ਦੌਰਾ ਸਮੁੱਚੇ ਭਾਈਚਾਰਿਆਂ ਦੇ ਹਿੱਤ ’ਚ ਕੀਤਾ ਗਿਆ ਹੈ ਤਾਂ ਜੋ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਰਾਜ ਐੱਸਸੀ ਕਮਿਸ਼ਨ ਅਨੁਸੂਚਿਤ ਜਾਤੀ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਤੇ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਮਿਲੇ, ਇਸ ਲਈ ਕਮਿਸ਼ਨ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਗੜ੍ਹੀ ਨੇ ਅੱਜ ਆਪਣੇ ਫਿਲੌਰ ਇਲਾਕੇ ਦੇ ਦੌਰੇ ਦੌਰਾਨ ਬੜਾ ਪਿੰਡ, ਪੱਦੀ ਖਾਲਸਾ, ਚੱਕ ਸਾਬੂ, ਬੰਡਾਲਾ ਮੰਜਕੀ, ਬੀੜ ਬੰਸੀਆਂ ਤੇ ਅੱਟਾ ਵਿਖੇ ਵੱਖ-ਵੱਖ ਮੀਟਿੰਗਾਂ ਦੌਰਾਨ ਪਿੰਡਾਂ ਦੇ ਸਮੂਹ ਭਾਈਚਾਰਿਆਂ ਦੀਆਂ ਮੁਸ਼ਕਲਾਂ ਦੀ ਸੁਣਵਾਈ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਢੁੱਕਵਾਂ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਦੀ ਵਚਨਬੱਧਤਾ ਵੀ ਦੁਹਰਾਈ। ਗੜ੍ਹੀ ਨੇ ਪਿੰਡ ਅੱਪਰਾ ਸਥਿਤ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਨਤਮਸਤਕ ਹੋ ਕੇ ਗੱਦੀਨਸ਼ੀਨ ਸੰਤ ਆਤਮਾ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਗੜ੍ਹੀ ਪਿੰਡ ਰੁੜਕਾ ਵਿਖੇ ਧਰਮ ਅਸਥਾਨ ਬਾਬਾ ਚਿੰਤਾ ਭਗਤ ਜੀ ਵਿਖੇ ਨਤਮਸਤਕ ਹੋਏ। ਚੇਅਰਮੈਨ ਵੱਲੋਂ ਪਿੰਡ ਬੁੰਡਾਲਾ ਮਾਂਝਕੀ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਉਨ੍ਹਾਂ ਵਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਾਰਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਲਗਾਤਾਰ ਵੱਡੇ ਪੱਧਰ ਉਪਰਾਲੇ ਕੀਤੇ ਜਾ ਰਹੇ ਹਨ, ਜਿੱਥੇ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਉਥੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ।