‘ਮੇਰੀ ਰਸੋਈ ਕਿੱਟ’ ਤਿਆਰ ਕਰਨ ਵਾਲੇ ਮਜ਼ਦੂਰਾਂ ਵੱਲੋਂ ਸੜਕ ਜਾਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 30 May 2026 07:14 PM (IST)
Updated Date: Sun, 31 May 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਜੈ ਗਰੇਨ ਪ੍ਰੋਡਕਟਸ ਪ੍ਰਾਈਵੇਟ ਲਿਮ. ਜਲੰਧਰ-ਕਪੂਰਥਲਾ ਰੋਡ ਫਿਰੋਜ਼ ਦੇ ਪ੍ਰਬੰਧਕਾਂ ਵੱਲੋਂ 160 ਤੋਂ ਵੱਧ ਆਪਣੇ ਮਜ਼ਦੂਰਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਤੋਂ ਜਵਾਬ ਦੇਣ ਖਿਲਾਫ਼ ਅੱਜ ਮਜ਼ਦੂਰਾਂ ਦਾ ਗੁੱਸਾ ਫੁੱਟ ਗਿਆ। ਮਜ਼ਦੂਰਾਂ ਨੇ ਆਪਣੇ ਯੂਨੀਅਨ ਆਗੂਆਂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੜਕ ਜਾਮ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਦਫ਼ਤਰ ਤੱਕ ਤਾਰਾਂ ਖੜਕਣ ਉਪਰੰਤ ਮੌਕੇ ’ਤੇ ਸਹਾਇਕ ਕਿਰਤ ਕਮਿਸ਼ਨਰ ਜਲੰਧਰ-2, ਲੇਬਰ ਇੰਸਪੈਕਟਰ ਚੰਦਨ ਗਿੱਲ ਤੇ ਵੇਅਰਹਾਊਸ ਦੇ ਜ਼ਿਲਾ ਮੈਨੇਜਰ ਨੂੰ ਆ ਕੇ ਮਜ਼ਦੂਰਾਂ ਦੀ ਗੱਲਬਾਤ ਸੁਣਨੀ ਪਈ ਤੇ ਮਜ਼ਦੂਰਾਂ ਨੂੰ ਡਿਊਟੀ ’ਤੇ ਬਹਾਲ ਕਰਵਾਉਣ ਲਈ ਕੰਪਨੀ ਪ੍ਰਬੰਧਕਾਂ ਤੇ ਨੋਡਲ ਏਜੰਸੀ ਵੇਅਰਹਾਊਸ ਦੇ ਅਧਿਕਾਰੀਆਂ ਨੂੰ ਸੋਮਵਾਰ ਇਕ ਜੁਨ ਨੂੰ ਕਿਰਤ ਤੇ ਸੁਲਾਹ ਅਫ਼ਸਰ ਦੇ ਦਫ਼ਤਰ ਹਾਜ਼ਰ ਆਉਣ ਲਈ ਪਾਬੰਦ ਕਰਨਾ ਪਿਆ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਸੋਮਵਾਰ ਤੱਕ ਕੰਮ ’ਤੇ ਬਹਾਲ ਕਰਵਾਉਣ ਤੇ ਟੁੱਟੇ ਦਿਨਾਂ ਦਾ ਮਿਹਨਤਾਨਾ, ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਜਾ ਕੇ ਜਾਮ ਖ਼ਤਮ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਨੂੰ ਅਮਲੀ ਰੂਪ ਨਾ ਦੁਆਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਮਜ਼ਦੂਰਾਂ ਨੂੰ 1 ਜੂਨ ਨੂੰ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ‘ਮੇਰੀ ਰਸੋਈ ਕਿੱਟ’ ਦੇਣ ਦਾ ਐਲਾਨ ਕੀਤਾ ਗਿਆ ਹੈ। ਰਸੋਈ ਕਿੱਟ ’ਚ ਖਾਣ ਵਾਲਾ ਤੇਲ, ਲੂਣ, ਹਲਦੀ ਤੇ ਦਾਲ ਸ਼ਾਮਲ ਹੈ। ਇਹ ਕਿੱਟਾਂ ਬਣਾਉਣ ਦਾ ਕੰਮ ਉਪਰੋਕਤ ਕੰਪਨੀ ਸੰਜੈ ਗਰੇਨ ਪ੍ਰੋਡਕਟਸ ਪ੍ਰਾਈਵੇਟ ਲਿਮ. ਵਲੋਂ ਜਲੰਧਰ-ਕਪੂਰਥਲਾ ਰੋਡ ਫਿਰੋਜ਼ ਵਿਖੇ ਬਾਏ ਅੰਬਿਕਾ ਫੋਰਗਿੰਗਜ਼ ਚ ਆਪਣਾ ਯੂਨਿਟ ਲਾਇਆ ਗਿਆ ਹੈ। ਇੱਥੇ 22 ਅਪ੍ਰੈਲ ਤੋਂ 160 ਤੋਂ ਵੱਧ ਮਜ਼ਦੂਰਾਂ ਨੂੰ ਇਸ ਪੈਕਿੰਗ ਦੇ ਕੰਮ ਲਈ ਰੱਖਿਆ ਗਿਆ ਹੈ। ਵਿੱਤ ਤੋਂ ਵੱਧ ਕੰਮ ਦਾ ਬੋਝ ਪਾ ਕੇ ਬੰਧੂਆਂ ਮਜ਼ਦੂਰੀ ਤੇ ਦਲਿਤ ਅੱਤਿਆਚਾਰ ਦਾ ਵਿਰੋਧ ਕਰਨ ਕਾਰਨ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਕ਼ਰੀਬ ਇੱਕ ਹਫ਼ਤੇ ਤੋਂ ਇਨ੍ਹਾਂ ਮਜ਼ਦੂਰਾਂ, ਜਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਦੀ ਹੈ, ਨੂੰ ਕੰਮ ’ਤੇ ਹਾਜ਼ਰ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ। ਕੰਪਨੀ ਪ੍ਰਬੰਧਕਾਂ ਦੇ ਮਿੰਨਤਾਂ ਤਰਲੇ ਕੀਤੇ ਗਏ ਪਰ ਸਭ ਵਿਅਰਥ ਸਾਬਤ ਹੋਏ। ਇਸ ਕੰਮ ਲਈ ਨੋਡਲ ਏਜੰਸੀ ਵੇਅਰਹਾਊਸ ਦੇ ਅਧਿਕਾਰੀਆਂ ਨੇ ਵੀ ਗੱਲ ਸੁਣ ਕੇ ਮਸਲੇ ਨੂੰ ਹੱਲ ਕਰਨਾ ਜ਼ਰੂਰੀ ਨਹੀਂ ਸਮਝਿਆ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਅੱਜ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣਾ ਹੱਕ ਲੈਣ ਲਈ ਸੰਘਰਸ਼ ਦਾ ਰਾਹ ਚੁਣਿਆ। ਇਸ ਤਹਿਤ ਮਜ਼ਦੂਰਾਂ ਨੇ ਕੰਪਨੀ ਦਾ ਘਿਰਾਓ ਕਰ ਕੇ ਸੰਘਰਸ਼ ਸ਼ੁਰੂ ਕੀਤਾ ਤਾਂ ਇਸ ਦੀ ਗੂੰਜ ਮੁੱਖ ਮੰਤਰੀ ਦਫ਼ਤਰ ਪੁੱਜ ਗਈ ਤੇ ਪ੍ਰਸ਼ਾਸਨ ਹਰਕਤ ’ਚ ਆਇਆ ਤੇ ਕਈ ਦਿਨਾਂ ਦੇ ਧੱਕੇ ਖਾ ਰਹੇ ਮਜ਼ਦੂਰਾਂ ਦੀ ਗੱਲ ਸੁਣਨੀ ਪਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਉਪਰੋਕਤ ਕੰਪਨੀ ਦੇ ਮਾਲਕ, ਹਿੱਸੇਦਾਰ ਬੇਸ਼ੱਕ ਪੰਜਾਬ ਤੋਂ ਬਾਹਰਲੇ ਸੂਬੇ ਨਾਲ ਸਬੰਧਤ ਹਨ ਪਰ ਉਨ੍ਹਾਂ ਦੀ ਸੱਤਾਧਾਰੀ ਧਿਰ ਤੱਕ ਕਾਫ਼ੀ ਨੇੜਤਾ ਹੈ। ਇਸ ਕਾਰਨ ਉਹ ਕਿਸੇ ਵੀ ਕਿਰਤ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਨਾ ਤਾਂ ਉਨ੍ਹਾਂ ਕੰਪਨੀ ’ਚ ਹਾਜ਼ਰੀ ਰਜਿਸਟਰ ਲਾਇਆ, ਨਾ ਹੀ ਕਿਸੇ ਮਜ਼ਦੂਰਾਂ ਦਾ ਈਪੀਐੱਫ ਕੱਟਿਆ ਜਾਂਦਾ, ਨਾ ਹੀ ਮਜ਼ਦੂਰਾਂ ਨੂੰ ਈਐੱਸਆਈ ਦੇ ਘੇਰੇ ’ਚ ਲਿਆਂਦਾ ਹੈ ਤੇ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਸਭ ਨੂੰ ਰੋਟੀ ਮੁਹੱਈਆ ਕਰਵਾਉਣ ਦੇ ਨਾਂ ਹੇਠ ਨਿਗੁਣੀ ਰਸੋਈ ਵਸਤਾਂ ਦੀ ਕਿੱਟ ਦੇਣ ਦੀਆਂ ਟਾਹਰਾਂ ਮਾਰਨ ਤੋਂ ਥੱਕਦੀ ਨਹੀਂ ੍ਯਤੇ ਦੂਜੇ ਪਾਸੇ ਇਹ ਕਿੱਟਾਂ ਤਿਆਰ ਕਰਨ ਦਾ ਕੰਮ ਕਰਨ ਵਾਲੇ ਕਿਰਤੀਆਂ ਦੇ ਹੱਥਾਂ ’ਚੋਂ ਰੋਟੀ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਮਜ਼ਦੂਰ ਦਿਲਬਾਗ ਸਿੰਘ, ਰਿੰਕੂ, ਵਿੱਕੀ, ਜਸਵੰਤ, ਕਿਰਨ, ਜੋਤੀ ਤੇ ਗੁਰਮੇਲ ਰਾਮ ਆਦਿ ਤੋਂ ਇਲਾਵਾ ਐੱਸਐੱਚਓ ਮਕਸੂਦਾਂ ਗੁਰਪ੍ਰੀਤ ਸਿੰਘ ਤੇ ਚੌਕੀ ਇੰਚਾਰਜ ਮੰਡ ਥਾਣੇਦਾਰ ਬਲਬੀਰ ਸਿੰਘ ਵੀ ਹਾਜ਼ਰ ਸਨ।