ਚੋਰ ਗਿਰੋਹ ਤੋਂ 14 ਮੋਟਰਸਾਈਕਲ ਬਰਾਮਦ, 6 ਕਾਬੂ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Fri, 29 May 2026 06:53 PM (IST)
Updated Date: Sat, 30 May 2026 04:05 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 14 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਚਓ ਦਿਲਬਾਗ ਸਿੰਘ ਤੇ ਮਲਸੀਆਂ ਚੌਕੀ ਦੇ ਇੰਚਾਰਜ ਅੰਗਰੇਜ਼ ਸਿੰਘ ਵੱਲੋਂ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 1 ਮਈ ਨੂੰ ਅਜੀਤ ਸਿੰਘ ਵਾਸੀ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-67-ਬੀ-5358 ਧੰਜੂ ਹਸਪਤਾਲ ਬਾਜਵਾ ਕਲਾਂ ਦੇ ਬਾਹਰੋਂ ਚੋਰੀ ਹੋ ਗਿਆ। ਪੁਲਿਸ ਵੱਲੋਂ ਬੀਐੱਨਐੱਸ ਦੀ ਧਾਰਾ 305 ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ 6 ਮੁਲਜ਼ਮਾਂ ਸੰਨੀ ਉਰਫ ਉਦੈ ਵਾਸੀ ਮੁਹੱਲਾ ਜੋਗੀਆਂ ਧਰਮਕੋਟ, ਗੋਬਿੰਦਾ ਸਿੰਘ ਉਰਫ ਬਿੱਲਾ ਵਾਸੀ ਚੁੱਗਾ ਮੁਹੱਲਾ ਧਰਮਕੋਟ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਕੋਹਾੜ ਕਲਾਂ ਸ਼ਾਹਕੋਟ, ਜਸਵੀਰ ਸਿੰਘ ਉਰਫ ਜੱਸ ਵਾਸੀ ਮੁਹੱਲਾ ਰਿਸ਼ੀ ਨਗਰ ਸ਼ਾਹਕੋਟ ਤੋਂ ਇਲਾਵਾ ਗੋਵਿੰਦਾ (ਕਬਾੜੀਆ) ਵਾਸੀ ਮੁਹੱਲਾ ਜੋਗੀਆਂ ਧਰਮਕੋਟ ਤੇ ਗੋਬਿੰਦਾ ਸਿੰਘ ਉਰਫ ਗੋਬਿੰਦੀ (ਮਕੈਨਿਕ) ਵਾਸੀ ਢੋਲੇਵਾਲ ਧਰਮਕੋਟ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਕੱਦਮੇ ’ਚ ਧਾਰਾ 317(2) ਦਾ ਵਾਧਾ ਕੀਤਾ ਗਿਆ। ਪੁਲਿਸ ਰਿਕਾਰਡ ਮੁਤਾਬਕ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਉਸ ’ਤੇ ਪਹਿਲਾਂ ਵੀ ਥਾਣਾ ਸਦਰ ਨਕੋਦਰ ਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਚੋਰੀ ਦੀਆਂ ਧਾਰਾਵਾਂ ਤਹਿਤ 2 ਮੁਕੱਦਮੇ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਚੋਰੀ ਦੀਆਂ ਹੋਰ ਵਾਰਦਾਤਾਂ ਦੇ ਸੁਲਝਣ ਤੇ ਗਿਰੋਹ ਦੇ ਹੋਰ ਮੈਂਬਰਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਾਕਸ-- ਪੁਰਾਣੇ ਬਾਈਕ ਤੋੜਦਾ ਸੀ ਕਬਾੜੀਆ, ਨਵੇਂ ਬਾਈਕ ਵੇਚਦਾ ਸੀ ਮਕੈਨਿਕ ਡੀਐੱਸਪੀ ਬੱਲ ਨੇ ਗਿਰੋਹ ਦੇ ਕੰਮ ਕਰਨ ਦੇ ਤਰੀਕੇ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗਿਰੋਹ ਮੁੱਖ ਤੌਰ ’ਤੇ ਧਰਮਕੋਟ ਤੇ ਸ਼ਾਹਕੋਟ ਦੇ ਆਸ-ਪਾਸ ਦੇ ਇਲਾਕਿਆਂ ’ਚੋਂ ਮੋਟਰਸਾਈਕਲ ਚੋਰੀ ਕਰਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਗੋਵਿੰਦਾ ਨਾਂ ਦਾ ਇਕ ਕਬਾੜੀਆ ਵੀ ਸ਼ਾਮਲ ਹੈ। ਇਹ ਗਿਰੋਹ ਪੁਰਾਣੇ ਮਾਡਲ ਦੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਬਾੜੀਏ ਕੋਲ ਲਿਜਾ ਕੇ ਉਨ੍ਹਾਂ ਦੀ ਭੰਨਤੋੜ ਕਰ ਦਿੰਦਾ ਸੀ ਤੇ ਫਿਰ ਉਨ੍ਹਾਂ ਦੇ ਸਪੇਅਰ ਪਾਰਟਸ ਵੇਚੇ ਜਾਂਦੇ ਸਨ। ਨਵੇਂ ਤੇ ਵਧੀਆ ਕੰਡੀਸ਼ਨ ਵਾਲੇ ਮੋਟਰਸਾਈਕਲਾਂ ਨੂੰ ਮਕੈਨਿਕ ਦੀ ਮਦਦ ਨਾਲ ਅੱਗੇ ਗਾਹਕਾਂ ਨੂੰ ਵੇਚ ਦਿੱਤਾ ਜਾਂਦਾ ਸੀ।