ਨਗਰ ਪ੍ਰੀਸ਼ਦ ਚੋਣਾਂ: 1200 ਪੁਲਿਸ ਮੁਲਾਜ਼ਮ ਹੋਣਗੇ ਤਾਇਨਾਤ
ਐੱਸਐੱਸਪੀ ਨੇ ਕੱਢਿਆ ਫਲੈਗ
Publish Date: Mon, 25 May 2026 08:52 PM (IST)
Updated Date: Tue, 26 May 2026 04:14 AM (IST)

ਐੱਸਐੱਸਪੀ ਨੇ ਕੱਢਿਆ ਫਲੈਗ ਮਾਰਚ, 24 ਘੰਟੇ ਨਿਗਰਾਨੀ ਦੇ ਨਿਰਦੇਸ਼ ਚੋਣਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਜ਼ਿਲ੍ਹੇ ’ਚ ਹਾਈ ਅਲਰਟ ਜਾਗਰਣ ਸੰਵਾਦਦਾਤਾ, ਜਲੰਧਰ ਦਿਹਾਤ ’ਚ ਹੋਣ ਵਾਲੀਆਂ ਨਗਰ ਪ੍ਰੀਸ਼ਦ ਤੇ ਨਗਰ ਪੰਚਾਇਤ ਚੋਣਾਂ ਨੂੰ ਸ਼ਾਂਤ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ 1200 ਪੁਲਿਸ ਮੁਲਾਜ਼ਮ ਅਲਰਟ ਰਹਿਣਗੇ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਸਾਰੇ ਅਧਿਕਾਰੀਆਂ, ਐੱਸਐੱਚਓਜ਼ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਫਲੈਗ ਮਾਰਚ ਕੱਢਣ ਤੇ 24 ਘੰਟੇ ਲਗਾਤਾਰ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਐੱਸਐੱਸਪੀ ਵਿਰਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆ ਦੌਰਾਨ ਕਾਨੂੰਨ-ਵਿਵਸਥਾ ਹਰ ਹਾਲਤ ’ਚ ਬਣਾਈ ਰੱਖੀ ਜਾਵੇ ਤੇ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਮਾਹੌਲ ’ਚ ਕਰਵਾਉਣਾ ਪੁਲਿਸ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਪੂਰੇ ਜ਼ਿਲ੍ਹੇ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਲੱਗਭਗ 1200 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸੰਵੇਦਨਸ਼ੀਲ ਤੇ ਅਤਿ-ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਮਤਦਾਨ ਕੇਂਦਰਾਂ ਦੇ ਆਸ-ਪਾਸ ਲਗਾਤਾਰ ਪੈਟਰੋਲਿੰਗ ਤੇ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ। ਬਾਕਸ-- ਜੀਓ ਰੈਂਕ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਗਜ਼ਟਿਡ ਅਧਿਕਾਰੀਆਂ ਨੂੰ ਉਨ੍ਹਾਂ ਦੇ ਇਲਾਕਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਲ੍ਹੇ ’ਚ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ, ਜਦਕਿ ਐਂਟੀ-ਸੈਬੋਟਾਜ਼ ਚੈਕਿੰਗ ਤੇ ਨਾਕਾਬੰਦੀ ਮੁਹਿੰਮ ਦਿਨ-ਰਾਤ ਜਾਰੀ ਹੈ। ਪੁਲਿਸ ਟੀਮਾਂ ਮਤਦਾਨ ਕੇਂਦਰਾਂ ਦਾ ਲਗਾਤਾਰ ਨਿਰੀਖਣ ਕਰ ਰਹੀਆਂ ਹਨ ਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਗੁਰਦੁਆਰਿਆਂ, ਧਾਰਮਿਕ ਸਥਾਨਾਂ ਤੇ ਡੇਰਿਆਂ ਨੂੰ ਵੀ ਸੰਵੇਦਨਸ਼ੀਲ ਸਥਾਨਾਂ ਵਜੋਂ ਚਿੰਨ੍ਹਿਤ ਕੀਤਾ ਹੈ। ਇਨ੍ਹਾਂ ਸਥਾਨਾਂ ’ਤੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਵਿਸ਼ੇਸ਼ ਪੈਟਰੋਲਿੰਗ ਪਾਰਟੀਆਂ ਨੂੰ ਲਗਾਤਾਰ ਨਿਗਰਾਨੀ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਭਾਈਚਾਰਾ ਤੇ ਸ਼ਾਂਤੀ ਬਣੀ ਰਹੇ। ਇਸ ਤੋਂ ਇਲਾਵਾ ਐਮਰਜੈਂਸੀ ਰਿਸਪਾਂਸ ਵਾਹਨ (ਈਆਰਵੀ) ਟੀਮਾਂ ਤੇ ਪੈਟਰੋਲਿੰਗ ਪਾਰਟੀਆਂ ਨੂੰ 24 ਘੰਟੇ ਸਰਗਰਮ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਬਾਕਸ-- ਕੁਝ ਵੀ ਗਲਤ ਲੱਗੇ ਤਾਂ ਪੁਲਿਸ ਨੂੰ ਕਰੋ ਸੂਚਿਤ : ਐੱਸਐੱਸਪੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਆਮ ਜਨਤਾ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜੇ ਚੋਣਾਂ ਦੌਰਾਨ ਕੋਈ ਸ਼ੱਕੀ ਗਤੀਵਿਧੀ, ਵਿਵਾਦ ਜਾਂ ਕਾਨੂੰਨ ਉਲੰਘਣ ਦੀ ਸੂਚਨਾ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਲਈ ਨਾਗਰਿਕ 112 ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਨਿਰਪੱਖ, ਸੁਰੱਖਿਅਤ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ।