ਸਵੇਰੇ ਹੀ ਖੁੱਲ੍ਹੇ ਸਾਰੇ ਸਰਕਾਰੀ ਦਫ਼ਤਰ, ਚਹਿਲ-ਪਹਿਲ ਰਹੀ ਘੱਟ
ਸਮਾਂ ਬਦਲਣ ਦੇ ਬਾਅਦ
Publish Date: Mon, 25 May 2026 07:51 PM (IST)
Updated Date: Tue, 26 May 2026 04:11 AM (IST)

ਸਮਾਂ ਬਦਲਣ ਦੇ ਬਾਅਦ ਵੀ ਦੇਰੀ ਨਾਲ ਪਹੁੰਚੇ ਕਾਫੀ ਕਰਮਚਾਰੀ ਦੂਰੋਂ ਆਉਣ ਵਾਲੇ ਕਰਮਚਾਰੀਆਂ ਨੂੰ ਹੋਈ ਪ੍ਰੇਸ਼ਾਨੀ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਤਪਸ਼ ਭਰੀ ਗਰਮੀ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਤੋਂ ਦੁਪਹਿਰ ਡੇਢ ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਕਰ ਕੇ ਅੱਜ ਸਵੇਰੇ ਹੀ ਸਾਰੇ ਦਫ਼ਤਰਾਂ ’ਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਚਹਿਲ-ਪਹਿਲ ਵੇਖਣ ਨੂੰ ਮਿਲੀ ਪਰ ਕੰਮ ਲਈ ਆਉਣ ਵਾਲੇ ਲੋਕਾਂ ਨੇ ਆਪਣਾ ਸਮਾਂ ਨਹੀਂ ਬਦਲਿਆਂ ਤੇ ਲੋਕ ਆਪਣੇ ਆਪਣੇ ਕੰਮਾਂ ਲਈ ਉਸੇ ਸਮੇਂ ਅਨੁਸਾਰ ਹੀ ਪਹੁੰਚੇ ਤੇ ਤਕਰੀਬਨ 9-10 ਵਜੇ ਤੱਕ ਸਾਰੇ ਹੀ ਅਧਿਕਾਰੀ ਤੇ ਕਰਮਚਾਰੀਆਂ ਲੋਕਾਂ ਨੂੰ ਉਡੀਕ ਕਰਦੇ ਰਹੇ, ਜਿਸ ਕਰ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਚਹਿਲ-ਪਹਿਲ ਤਾਂ ਨਜ਼ਰ ਆਈ ਪਰ ਲੋਕਾਂ ਦੀ ਚਹਿਲ-ਪਹਿਲ ਘੱਟ ਰਹੀ। ਅੱਜ ਸਵੇਰੇ 7.20 ’ਤੇ ਹੀ ਸਭ ਤੋਂ ਪਹਿਲਾਂ ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਆਪਣੇ ਦਫ਼ਤਰ ਵਿਖੇ ਪਹੁੰਚ ਗਏ ਤੇ ਕੰਮਕਾਜ ਸ਼ੁਰੂ ਕਰ ਦਿੱਤਾ ਪਰ ਲੋਕ ਆਪਣੇ ਸਮੇਂ ਅਨੁਸਾਰ ਹੀ ਪਹੁੰਚੇ, ਜਿਸ ਕਰ ਕੇ ਅਧਿਕਾਰੀਆਂ ਨੂੰ ਲੋਕਾਂ ਦਾ ਇੰਤਜ਼ਾਰ ਕਰਨਾ ਪਿਆ ਜਾਂ ਫਿਰ ਕੁਝ ਅਧਿਕਾਰੀ ਆਪਣਾ ਬਕਾਇਆ ਕੰਮ ਨਿਪਟਾਉਂਦੇ ਵੇਖੇ ਗਏ। ਇਸੇ ਤਰ੍ਹਾਂ ਡੀਸੀ ਦਫ਼ਤਰ ਦੇ ਵੀ ਸਾਰੇ ਵਿਭਾਗਾਂ ਦੇ ਕਰਮਚਾਰੀ ਛੇਤੀ ਆਪਣੇ ਆਪਣੇ ਦਫ਼ਤਰਾਂ ’ਚ ਪਹੁੰਚ ਗਏ ਪਰ ਕੁਝ ਕਰਮਚਾਰੀ ਹਰ ਰੋਜ਼ ਦੀ ਤਰ੍ਹਾਂ ਹੀ ਲੇਟ ਲਤੀਫ਼ ਰਹੇ ਤੇ ਦੇਰੀ ਨਾਲ ਹੀ ਦਫ਼ਤਰਾਂ ’ਚ ਪਹੁੰਚੇ। ਸਰਕਾਰ ਵੱਲੋਂ ਤੈਅ ਕੀਤੇ ਗਏ ਸਮੇਂ ਡੇਢ ਵਜੇ ਸਾਰੇ ਦਫ਼ਤਰਾਂ ’ਚ ਛੁੱਟੀ ਹੋਣ ਤੋਂ ਬਾਅਦ ਤਹਿਸੀਲ ਕੰਪਲੈਕਸ ’ਚ ਸੰਨਾਟਾ ਜਿਹਾ ਛਾ ਗਿਆ, ਜਿਸ ਸਮੇਂ ਪੂਰੀ ਤਹਿਸੀਲ ਕੰਪਲੈਕਸ ’ਚ ਲੋਕਾਂ ਦੀ ਪੂਰੀ ਚਹਿਲ-ਪਹਿਲ ਹੁੰਦੀ ਸੀ ਅੱਜ ਉਸ ਵੇਲੇ ਦੁਪਹਿਰ ਨੂੰ ਸਾਰੇ ਦਫ਼ਤਰ ਖਾਲੀ ਪਏ ਨਜ਼ਰ ਆਏ ਤੇ ਲੋਕਾਂ ਦੀ ਗਿਣਤੀ ਬਹੁਤ ਘੱਟ ਰਹੀ। ਦਫ਼ਤਰਾਂ ਦਾ ਸਮਾਂ ਬਦਲਣ ਕਰ ਕੇ ਦੂਰੋਂ ਆਉਣ ਵਾਲੇ ਸਟਾਫ਼ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਕਰਮਚਾਰੀ ਘਰੋਂ ਸਵੇਰੇ 6.30 ਵਜੇ ਚੱਲ ਕੇ ਪੂਰੇ 7.30 ਹੀ ਦਫ਼ਤਰ ਪਹੁੰਚ ਸਕੇ। ਜ਼ਿਕਰਯੋਗ ਹੈ ਕਿ ਤਪਸ਼ ਭਰੀ ਗਰਮੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਤੇ ਡੇਢ ਵਜੇ ਦਫ਼ਤਰਾਂ ਤੇ ਸਕੂਲਾਂ ’ਚ ਛੁੱਟੀ ਹੋ ਜਾਇਆ ਕਰੇਗੀ।