400 ਤੋਂ ਵੱਧ ਸ਼ਰਧਾਲੂਆਂ

400 ਤੋਂ ਵੱਧ ਸ਼ਰਧਾਲੂਆਂ ਨੇ ਦਿੱਤੀ ਅਗਨੀ ਪ੍ਰੀਖਿਆ
ਸਾਊਥ ਇੰਡੀਅਨ ਪੁਅਰ ਵੈੱਲਫੇਅਰ ਸੰਘ ਨੇ ਕੀਤਾ ਮੇਲੇ ਦਾ ਆਯੋਜਨ
ਜਾਗਰਣ ਸੰਵਾਦਦਾਤਾ, ਜਲੰਧਰ : ਮੱਘਦੇ ਅੰਗਾਰਿਆਂ ’ਤੇ ‘ਮਾਂ ਮਾਰੀ ਅੰਮਾ’ ਦਾ ਨਾਮ ਜਾਪ ਕਰਦੇ ਹੋਏ ਨੰਗੇ ਪੈਰ ਲੰਘ ਰਹੇ ਸ਼ਰਧਾਲੂਆਂ ਨੇ ਆਸਥਾ ਦੀ ਤਪਿਸ਼ ’ਤੇ ਵਿਸ਼ਵਾਸ ਦੀ ਜਿੱਤ ਦਾ ਸਬੂਤ ਦਿੱਤਾ। ਕਾਜ਼ੀ ਮੰਡੀ ’ਚ ਐਤਵਾਰ ਨੂੰ ਆਸਥਾ ਦਾ ਸੈਲਾਬ ਉਮੜਿਆ। ਮਾਂ ਮਾਰੀ ਅੰਮਾ ਮੰਦਰ ’ਚ ਸਾਊਥ ਇੰਡੀਅਨ ਪੁਅਰ ਵੈੱਲਫੇਅਰ ਸੰਘ ਵੱਲੋਂ ਵਿਸ਼ਾਲ ਅਗਨੀ-ਪ੍ਰੀਖਿਆ ਮਹਾਉਤਸਵ ਦੌਰਾਨ 400 ਤੋਂ ਵੱਧ ਸ਼ਰਧਾਲੂਆਂ ਨੇ ਅਗਨੀ ਪ੍ਰੀਖਿਆ ਦਿੱਤੀ। ਸਵੇਰੇ ਤੋਂ ਹੀ ਮੰਦਰ ’ਚ ਭਗਤਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ।
ਢੋਲ-ਨਗਾਰਿਆਂ ਤੇ ਮਾਰੀ ਅੰਮਾ ਦੇ ਜੈਕਾਰਿਆਂ ਦੀ ਗੂੰਜ ਵਿਚਕਾਰ ਸ਼ਰਧਾਲੂਆਂ ਨੇ ਅੰਗਾਰਿਆਂ ’ਤੇ ਚੱਲ ਕੇ ਅਗਨੀ ਪ੍ਰੀਖਿਆ ਦਿੱਤੀ। ਮੰਨਿਆ ਜਾਂਦਾ ਹੈ ਕਿ ਸੱਚੇ ਮਨ ਤੇ ਅਟੁੱਟ ਵਿਸ਼ਵਾਸ ਵਾਲੇ ਭਗਤਾਂ ’ਤੇ ਅੱਗ ਈ ਅਸਰ ਨਹੀਂ ਪੈਂਦਾ। ਮਹਾਉਵ ਤੋਂ ਪਹਿਲਾਂ ਸਾਰੇ ਭਗ ਨੇ ਰਵਾਇਤੀ ਰਸਮਾਂ ਨੂੰ ਪੂਰਾ ਕੀਤਾ। ਵਰਤ ਰੱਖਿਆ ਤੇ ਮਾਤਾ ਨੂੰ ਯਾਦ ਕੀਤਾ।
ਮੇਲੇ ਦਾ ਆਗਾਜ਼ ਮੰਦਰ ਕੰਪਲੈਕਸ ’ਚ ਮਾਂ ਮਰਿਅੰਮਾ ਦੀ ਮਹਾ-ਆਰਤੀ ਨਾਲ ਹੋਇਆ। ਇਸ ’ਚ ਫਲ-ਫੁੱਲ ਤੇ ਜਲ ਦੇ ਨਾਲ ਪੂਜਾ ਸੰਪੰਨ ਕੀਤੀ ਗਈ। ਇਸ ਤੋਂ ਬਾਅਦ ਸ਼ੋਭਾ ਯਾਤਰਾ ਦੇ ਰੂਪ ’ਚ ਭਗਤ ਮੰਦਰ ਦੀ ਪਰਿਕਰਮਾ ਕਰਦੇ ਹੋਏ ਅਗਨੀ ਕੁੰਡ ਕੋਲ ਪਹੁੰਚੇ, ਜਿਵੇਂ ਹੀ ਸ਼ਰਧਾਲੂ ਅਗਨੀ ਕੁੰਡ ’ਚ ਜਾਣਾ ਸ਼ੁਰੂ ਕਰਦੇ ਹਨ ਤਾਂ ਪੂਰਾ ਇਲਾਕਾ ਤਾੜੀਆਂ ਦੀ ਗੜਗੜਾਹਟ ਤੇ ਮਾਂ ਮਰਿਅੰਮਾ ਦੇ ਜੈਕਾਰਿਆਂਮ ਨਾਲ ਗੂੰਜ ਉੱਠਦਾ ਹੈ। ਮੇਲੇ ਨੂੰ ਲੈ ਕੇ ਮੰਦਰ ਦੇ ਆਸ-ਪਾਸ ਮੰਚ ਸਜਾਏ ਗਏ ਤੇ ਬਾਜ਼ਾਰ ਵੀ ਲੱਗਿਆ, ਜਿੱਥੇ ਪੂਜਾ ਸਮੱਗਰੀ ਤੋਂ ਲੈ ਕੇ ਦੱਖਣ ਭਾਰਤੀ ਸਾਮਾਨ ਤੇ ਵਿਅੰਜਨਾਂ ਦੇ ਸਟਾਲ ਲਾਏ ਗਏ।
ਇਸ ਦੇ ਨਾਲ ਹੀ ਪੂਰੇ ਇਲਾਕੇ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ। ਕਾਜ਼ੀ ਮੰਡੀ ਦਾ ਇਹ ਨਜ਼ਾਰਾ ਦੱਸ ਰਿਹਾ ਸੀ ਕਿ ਭਾਸ਼ਾ ਤੇ ਸੂਬਾ ਵੱਖਰੇ ਹੋਣ ਦੇ ਬਾਵਜੂਦ ਆਸਥਾ ਦੀ ਡੋਰ ਸਭ ਨੂੰ ਇਕ ਸੂਤਰ ’ਚ ਬੰਨ੍ਹ ਦਿੰਦੀ ਹੈ। ਖਾਸ ਗੱਲ ਇਹ ਸੀ ਕਿ ਅਗਨੀ ਪ੍ਰੀਖਿਆ ਦੇ ਦੌਰਾਨ ਬੱਚਿਆਂ ਤੋਂ ਲੈ ਕੇ ਵੱਡੇ ਤੇ ਪੁਰਸ਼-ਔਰਤਾਂ ਵੀ ਸ਼ਾਮਲ ਰਹੇ। ਗਲੇ ’ਚ ਫੁੱਲਾਂ ਦੇ ਹਾਰ ਤੇ ਜ਼ੁਬਾਨ ’ਤੇ ਜੈ ਮਾਂ ਮਰਿਅੰਮਾ ਦੇ ਜੈਕਾਰੇ ਲਾਉਂਦੇ ਹੋਏ ਭਗਤ ਇਸ ਮੁਸ਼ਕਲ ਪੜਾਅ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕਰਦੇ ਰਹੇ। ਇਹ ਨਜ਼ਾਰਾ ਦੇਖ ਕੇ ਜਿੱਥੇ ਲੋਕ ਹੈਰਾਨ ਹੋ ਰਹੇ ਸਨ, ਉਥੇ ਭਗਤਾਂ ਦੇ ਨਾਲ ਜੈਕਾਰੇ ਲਾਉਂਦੇ ਰਹੇ। ਇਸ ਦੌਰਾਨ ਪੱਲਨੀ ਸਵਾਮੀ ਨੇ ਕਿਹਾ ਕਿ ਮਾਨਤਾਵਾਂ ਪੂਰੀ ਹੋਣ ’ਤੇ ਵਰਤ ਰੱਖਣ ਵਾਲੇ ਸ਼ਰਧਾਲੂ ਇਸ ਅਗਨੀ ਪ੍ਰੀਖਿਆ ਨੂੰ ਪੂਰਾ ਕਰਦੇ ਹਨ।
ਬਾਕਸ--
ਦੱਖਣ ਤੋਂ ਪੰਜਾਬ ਤੱਕ ਆਸਥਾ ਦਾ ਸੰਗਮ
ਸਾਊਥ ਇੰਡੀਅਨ ਪੁਅਰ ਵੈੱਲਫੇਅਰ ਸੰਘ ਵੱਲੋਂ ਕਰਵਾਏ ਗਏ ਮੇਲੇ ’ਚ ਤਮਿਲਨਾਡੂ, ਕੇਰਲ ਤੇ ਕਰਨਾਟਕ ਮੂਲ ਦੇ ਸੈਂਕੜੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ’ਚ ਇਸ ਅਦਭੁੱਤ ਨਜ਼ਾਰੇ ਦਾ ਦੀਦਾਰ ਕਰਨ ਲਈ ਵੱਖ-ਵੱਖ ਧਰਮਾਂ ਦੇ ਲੋਕ ਵੀ ਸ਼ਾਮਲ ਹੋਏ। ਸੰਘ ਦੇ ਅਹੁਦੇਦਾਰ ਪੱਲਨੀ ਸਵਾਮੀ ਨੇ ਦੱਸਿਆ ਕਿ ਅਗਨੀ ਪ੍ਰੀਖਿਆ ਸਿਰਫ ਪਰੰਪਰਾਵਾਂ ਦਾ ਹਿੱਸਾ ਨਹੀਂ, ਬਲਕਿ ਮਾਂ ਪ੍ਰਤੀ ਸਮਰਪਣ ਤੇ ਮਨ ਦੀ ਸ਼ੁੱਧਤਾ ਦਾ ਪ੍ਰਤੀਕ ਹੈ। ਸ਼ਾਮ ਨੂੰ ਮਹਾ-ਆਰਤੀ ਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।
ਬਾਕਸ--
ਦੂਰ ਤੋਂ ਹੋ ਰਿਹਾ ਸੀ ਮੇਲੇ ਦਾ ਅਹਿਸਾਸ
ਸਿਟੀ ਰੇਲਵੇ ਸਟੇਸ਼ਨ ਤੇ ਦੋਮੋਰੀਆ ਪੁਲ ਤੋਂ ਕਾਜ਼ੀ ਮੰਡੀ ਨੂੰ ਜਾਂਦੇ ਮਾਰਗ ’ਤੇ ਦੂਰ ਤੋਂ ਹੀ ਮੇਲੇ ਦਾ ਅਹਿਸਾਸ ਹੋ ਰਿਹਾ ਸੀ। ਮੇਲਾ ਸਥਾਨ ’ਚ ਵਧਦੀ ਸ਼ਰਧਾਲੂਆਂ ਦੀ ਭੀੜ, ਖਿਡੌਣੇ, ਸ਼ਿੰਗਾਰ ਦਾ ਸਾਮਾਨ, ਮਹਿੰਦੀ ਲਾਉਣ ਵਾਲਿਆਂ ਦੇ ਲੱਗੇ ਸਟਾਲ ਤੇ ਲਾਊਂਡ ਸਪੀਕਰਾਂ ਦੀ ਗੂੰਜ ਕਿਸ਼ਨਪੁਰਾ ਰੋਡ ਤੋਂ ਹੀ ਮੇਲੇ ਦਾ ਅਹਿਸਾਸ ਕਰਵਾ ਰਹੀ ਸੀ। ਐਤਵਾਰ ਨੂੰ ਸਮਾਪਤ ਹੋਏ ਮੇਲੇ ਦਾ ਆਗਾਜ਼ 2 ਦਿਨ ਪਹਿਲਾਂ ਹੀ ਹੋ ਚੁੱਕਾ ਸੀ। ਇਸ ਦੌਰਾਨ ਝੂਲੇ ਲਾਉਣ ਵਾਲਿਆਂ ਨੇ ਵੀ ਚੰਗਾ ਵਪਾਰ ਕੀਤਾ।
ਬਾਕਸ--
ਡਿੱਗਣ ਦੇ ਬਾਵਜੂਦ ਵੀ ਲਾਉਂਦੇ ਰਹੇ ਜੈਕਾਰੇ
ਅੱਤ ਦੀ ਗਰਮੀ ਵਿਚਕਾਰ ਮੱਘਦੇ ਅੰਗਾਰਿਆਂ ’ਤੇ ਨੰਗੇ ਪੈਰ ਚੱਲਦੇ ਹੋਏ ਕਈ ਭਗਤ ਪੈਰ ਤਿਲਕਣ ਕਾਰਨ ਡਿੱਗ ਗਏ ਤੇ ਮਾਮੂਲੀ ਜ਼ਖਮ ਵੀ ਹੋਏ। ਫਿਰ ਵੀ ਸ਼ਰਧਾ ਦਾ ਆਲਮ ਇਹ ਸੀ ਕਿ ਮੂੰਹ ਤੋਂ ਜੈਕਾਰਿਆਂ ਦੀ ਗੂੰਜ ਘੱਟ ਨਹੀਂ ਹੋਈ।