ਚਹੇੜੂ ਪੁਲ ਦੀ ਖ਼ਤਰਨਾਕ ਸਥਿਤੀ ’ਚ ਸੁਧਾਰ ਲਈ ਐੱਨਐੱਚਏਆਈ ਦੇ ਚੇਅਰਮੈਨ ਨੂੰ ਸ਼ਿਕਾਇਤ
ਜਾ.ਸ., ਜਲੰਧਰ : ਸ਼ਹਿਰ
Publish Date: Sat, 09 May 2026 11:21 PM (IST)
Updated Date: Sat, 09 May 2026 11:23 PM (IST)

ਜਾ.ਸ., ਜਲੰਧਰ : ਸ਼ਹਿਰ ਦੇ ਸਮਾਜਿਕ ਅਤੇ ਵਾਤਾਵਰਣ ਕਾਰਕੁੰਨ ਤੇਜਸਵੀ ਮਿਨਹਾਸ ਨੇ ਨੈਸ਼ਨਲ ਹਾਈਵੇ-44 ’ਤੇ ਸਥਿਤ ਚਹੇੜੂ ਪੁਲ ਦੀ ਲੰਬੇ ਸਮੇਂ ਤੋਂ ਖ਼ਸਤਾ ਹਾਲਤ ’ਚ ਸੁਧਾਰ ਦੀ ਮੰਗ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਚੇਅਰਮੈਨ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਕਿਹਾ ਕਿ ਇਹ ਹਾਈਵੇ ਦਿੱਲੀ ਨੂੰ ਪੰਜਾਬ, ਜੰਮੂ ਅਤੇ ਅੰਮ੍ਰਿਤਸਰ ਨਾਲ ਜੋੜਨ ਵਾਲੇ ਦੇਸ਼ ਦੇ ਸਭ ਤੋਂ ਵਿਅਸਤ ਅਤੇ ਮਹੱਤਵਪੂਰਨ ਹਾਈਵੇ ਮਾਰਗਾਂ ਵਿੱਚੋਂ ਇਕ ਹੈ। ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਨਗਰ ਨਿਗਮ, ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ ਹਨ, ਜਿਨ੍ਹਾਂ ਤੋਂ ਤੁਰੰਤ ਦਖਲ ਅਤੇ ਜਵਾਬਦੇਹੀ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਵਿਚ ਤੇਜਸਵੀ ਮਿਨਹਾਸ ਨੇ ਦੱਸਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੁਲ ਦੇ ਵੱਡੇ ਹਿੱਸਿਆਂ ’ਤੇ ਉਚਿਤ ਸਾਈਡ ਕ੍ਰੈਸ਼ ਬੈਰੀਅਰ, ਗਾਰਡ ਰੇਲ ਜਾਂ ਪੈਰਾਪੇਟ ਸੁਰੱਖਿਆ ਢਾਂਚਾ ਮੌਜੂਦ ਨਹੀਂ ਹੈ, ਜਦਕਿ ਇਹ ਪੁਲ ਇਕ ਹਾਈ ਸਪੀਡ ਅਤੇ ਬਹੁਤ ਵਿਅਸਤ ਰਾਸ਼ਟਰੀ ਹਾਈਵੇ ਦਾ ਹਿੱਸਾ ਹੈ। ਹੈਰਾਨੀ ਦੀ ਗੱਲ ਹੈ ਕਿ ਮਜ਼ਬੂਤ ਅਤੇ ਸਥਾਈ ਕ੍ਰੈਸ਼ ਬੈਰੀਅਰ ਲਗਾਉਣ ਦੀ ਬਜਾਏ ਪੁਲ ਦੇ ਕਿਨਾਰਿਆਂ ’ਤੇ ਕਈ ਸਥਾਨਾਂ ’ਤੇ ਸਿਰਫ ਪਲਾਸਟਿਕ ਟ੍ਰੈਫਿਕ ਡੇਲਿਨੇਟਰ ਪੋਸਟ ਲਾਈਆਂ ਗਈਆਂ ਹਨ। ਡੇਲਿਨੇਟਰ ਪੋਸਟ ਸਿਰਫ ਦ੍ਰਿਸ਼ਟੀ ਸੰਕੇਤਕ ਹਨ ਅਤੇ ਕਿਸੇ ਵੀ ਵਾਹਨ ਨੂੰ ਦੁਰਘਟਨਾ, ਤੇਜ਼ ਰਫ਼ਤਾਰ, ਟਾਇਰ ਫਟਣ, ਤਿਲਕਣ, ਟਕਰਾਉਣ, ਧੁੰਦ ਕਾਰਨ ਦ੍ਰਿਸ਼ਤਾ ਘਟਣ ਜਾਂ ਕੰਟਰੋਲ ਗਵਾਉਣ ਦੀ ਸਥਿਤੀ ਵਿਚ ਪੁਲ ਤੋਂ ਹੇਠਾਂ ਡਿੱਗਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਅਸਮਰੱਥ ਹਨ। ਪੁਲ ਦੀ ਮੌਜੂਦਾ ਹਾਲਤ ਨੂੰ ਗੰਭੀਰ ਜਨਤਕ ਸੁਰੱਖਿਆ ਦੀ ਨਾਕਾਮੀ ਦੱਸਦਿਆਂ ਦੋਸ਼ ਲਾਇਆ ਗਿਆ ਹੈ ਕਿ ਪੁਲ ਨੂੰ ਦੁਰਘਟਨਾ ਸੰਭਾਵਿਤ ਖੇਤਰ ਵਜੋਂ ਜਾਣਿਆ ਜਾਣ ਦੇ ਬਾਵਜੂਦ ਸਾਲਾਂ ਤੋਂ ਪ੍ਰਸ਼ਾਸਕੀ ਲਾਪ੍ਰਵਾਹੀ ਅਤੇ ਅਧਿਕਾਰੀ ਉਦਾਸੀਨਤਾ ਜਾਰੀ ਹੈ। ਪੁਲ ਦੀ ਮੌਜੂਦਾ ਸਥਿਤੀ ਮੋਟਰ ਵਾਹਨ ਐਕਟ, ਭਾਰਤੀ ਸੜਕ ਕਾਂਗਰਸ ਦੇ ਸੁਰੱਖਿਆ ਮਿਆਰਾਂ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦੇ ਪੁਲ ਸੁਰੱਖਿਆ ਮਿਆਰਾਂ ਤਹਿਤ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਸਬੰਧੀ ਜ਼ਿੰਮੇਵਾਰੀਆਂ ਦੀ ਉਲੰਘਣਾ ਹੈ। ਸ਼ਿਕਾਇਤਾਂ ਤੇ ਮੰਗਾਂ ਦਾ ਵੇਰਵਾ : ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪੁਲ ’ਤੇ ਕਈ ਸਾਲਾਂ ਤੋਂ ਸਥਾਈ ਮੁਰੰਮਤ ਅਤੇ ਪੁਨਰਸਥਾਪਨਾ ਕਾਰਜ ਨਹੀਂ ਕੀਤਾ ਗਿਆ, ਕੀ ਪੁਲ ਦਾ ਕੋਈ ਸੰਰਚਨਾਤਮਕ ਨਿਰੀਖਣ ਅਤੇ ਸੁਰੱਖਿਆ ਆਡਿਟ ਕੀਤਾ ਗਿਆ ਹੈ, ਰੱਖ-ਰਖਾਅ ਲਈ ਕਿਹੜੀ ਏਜੰਸੀ ਜਾਂ ਅਧਿਕਾਰੀ ਜ਼ਿੰਮੇਵਾਰ ਹਨ, ਕੀ ਪਹਿਲਾਂ ਉਠਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਅਤੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਮੰਗ ਕੀਤੀ ਗਈ ਹੈ ਕਿ ਪੁਲ ’ਤੇ ਤੁਰੰਤ ਮਜ਼ਬੂਤ ਕ੍ਰੈਸ਼ ਬੈਰੀਅਰ ਅਤੇ ਸਾਈਡ ਰੇਲਿੰਗ ਲਗਾਈ ਜਾਵੇ, ਪੂਰਨ ਸਟ੍ਰਕਚਰਲ ਅਤੇ ਸੁਰੱਖਿਆ ਆਡਿਟ ਕਰਵਾਇਆ ਜਾਵੇ, ਅਸਥਾਈ ਐਮਰਜੈਂਸੀ ਸੁਰੱਖਿਆ ਉਪਾਅ ਤੁਰੰਤ ਲਾਗੂ ਕੀਤੇ ਜਾਣ, ਖਤਰੇ ਵਾਲੇ ਖੇਤਰਾਂ ਵਿਚ ਚਿਤਾਵਨੀ ਸੰਕੇਤ, ਪ੍ਰਕਾਸ਼ ਪ੍ਰਣਾਲੀ ਅਤੇ ਸਪੀਡ ਕੰਟਰੋਲ ਸਿਸਟਮ ਲਾਏ ਜਾਣ, ਨਿਰੀਖਣ ਅਤੇ ਰੱਖ-ਰਖਾਅ ਰਿਕਾਰਡ ਜਨਤਕ ਕੀਤੇ ਜਾਣ, ਸਾਲਾਂ ਦੀ ਲਾਪ੍ਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ, ਪੁਲ ਦੀ ਮਰੰਮਤ ਅਤੇ ਆਧੁਨੀਕਰਨ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਸੁਧਾਰਕ ਕਦਮ ਨਹੀਂ ਚੁੱਕੇ ਗਏ ਤਾਂ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ, ਸੜਕ ਸੁਰੱਖਿਆ ਸੰਸਥਾਵਾਂ, ਵਿਜੀਲੈਂਸ ਏਜੰਸੀਆਂ ਅਤੇ ਨਿਆਂਕਾਰੀ ਮੰਚਾਂ ਦੇ ਸਾਹਮਣੇ ਲਿਆ ਜਾਵੇਗਾ।