ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਸਿਲੰਡਰ ਚੋਰੀ, ਐਕਟਿਵਾ ਸਵਾਰ ਦੀ ਕਰਤੂਤ ਸੀਸੀਟੀਵੀ ’ਚ ਕੈਦ
- ਫੁੱਟਬਾਲ ਚੌਕ ਦੇ
Publish Date: Sat, 09 May 2026 10:49 PM (IST)
Updated Date: Sat, 09 May 2026 10:50 PM (IST)

- ਫੁੱਟਬਾਲ ਚੌਕ ਦੇ ਨੇੜੇ ਨਿਊ ਵਿਜੇ ਨਗਰ ਦੀ ਘਟਨਾ, ਬਿਨਾਂ ਨੰਬਰ ਪਲੇਟ ਵਾਲੀ ਐਕਟਿਵਾ ’ਤੇ ਆਇਆ ਸੀ ਮੁਲਜ਼ਮ ਜਾ.ਸ., ਜਲੰਧਰ : ਜਲੰਧਰ ਦੇ ਫੁੱਟਬਾਲ ਚੌਕ ਨੇੜੇ ਸਥਿਤ ਨਿਊ ਵਿਜੇ ਨਗਰ ਵਿਚ ਦਿਨ-ਦਿਹਾੜੇ ਚੋਰ ਨੇ ਐਕਟਿਵਾ ’ਤੇ ਆ ਕੇ ਇਕ ਘਰ ਤੋਂ ਸਿਲੰਡਰ ਚੋਰੀ ਕਰ ਲਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਇਕ ਬੇਖੌਫ਼ ਐਕਟਿਵਾ ਸਵਾਰ ਨੌਜਵਾਨ ਘਰ ਦਾ ਗੇਟ ਖੋਲ੍ਹ ਕੇ ਅੰਦਰ ਦਾਖਲ ਹੁੰਦਾ ਹੈ ਅਤੇ ਗੈਸ ਸਿਲੰਡਰ ਚੋਰੀ ਕਰ ਕੇ ਫ਼ਰਾਰ ਹੋ ਜਾਂਦਾ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 8 ਮਈ ਨੂੰ ਸ਼ਾਮ ਦੇ ਕਰੀਬ 6:30 ਵਜੇ ਇਕ ਟੋਪੀ ਪਹਿਨਿਆ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਘਰ ਦੇ ਬਾਹਰ ਪਹੁੰਚਦਾ ਹੈ। ਇਸ ਤੋਂ ਬਾਅਦ ਉਹ ਹੌਲੀ ਜਿਹੇ ਗੇਟ ਖੋਲ੍ਹ ਕੇ ਘਰ ਦੇ ਅੰਦਰ ਦਾਖਲ ਹੁੰਦਾ ਹੈ। ਕੁਝ ਸਮੇਂ ਬਾਅਦ ਉਹ ਗੈਸ ਸਿਲੰਡਰ ਚੁੱਕ ਕੇ ਬਾਹਰ ਨਿਕਲਦਾ ਹੈ ਅਤੇ ਐਕਟਿਵਾ ’ਤੇ ਰੱਖ ਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਫੁਟੇਜ ਵਿਚ ਮੁਲਜ਼ਮ ਦਾ ਚਿਹਰਾ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਪੀੜਤ ਪਰਿਵਾਰ ਦੀ ਔਰਤ ਮੈਂਬਰ ਸ਼ਮਾ ਨੇ ਦੱਸਿਆ ਕਿ ਬੁੱਧਵਾਰ ਤੱਕ ਸਿਲੰਡਰ ਘਰ ਵਿਚ ਰੱਖਿਆ ਹੋਇਆ ਸੀ, ਪਰ ਵੀਰਵਾਰ ਸਵੇਰੇ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਸਿਲੰਡਰ ਗਾਇਬ ਸੀ। ਇਸ ਤੋਂ ਬਾਅਦ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਗਈ, ਜਿਸ ਵਿਚ ਚੋਰੀ ਦੀ ਪੂਰੀ ਵਾਰਦਾਤ ਸਾਹਮਣੇ ਆਈ। ਸ਼ਮਾ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਦੇ ਕਰੀਬ 6:30 ਵਜੇ ਦੀ ਹੈ। ਉਸ ਸਮੇਂ ਘਰ ਦੇ ਮੈਂਬਰ ਅੰਦਰ ਮੌਜੂਦ ਸਨ, ਫਿਰ ਵੀ ਮੁਲਜ਼ਮ ਨੇ ਬਿਨਾਂ ਕਿਸੇ ਡਰ ਦੇ ਚੋਰੀ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਿਸ ਐਕਟਿਵਾ ’ਤੇ ਆਇਆ ਸੀ, ਉਸ ’ਤੇ ‘ਕਰਮਾ ਵਾਲੀ ਗੱਡੀ’ ਲਿਖਿਆ ਹੋਇਆ ਸੀ, ਜਦਕਿ ਵਾਹਨ ’ਤੇ ਨੰਬਰ ਪਲੇਟ ਨਹੀਂ ਲੱਗੀ ਸੀ। ਪੀੜਤ ਪਰਿਵਾਰ ਨੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੁਲਜ਼ਮ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।