ਮਾਡਲ ਟਾਊਨ ਸ਼ਮਸ਼ਾਨਘਾਟ ’ਤੇ ਖਰਚੇ ਜਾਣਗੇ 49 ਲੱਖ, ਬੁਨਿਆਦੀ ਸਹੂਲਤਾਂ ਹੋਣਗੀਆਂ ਦਰੁਸਤ
ਜਾ.ਸ., ਜਲੰਧਰ : ਸ਼ਹਿਰ
Publish Date: Sat, 09 May 2026 10:41 PM (IST)
Updated Date: Sat, 09 May 2026 10:41 PM (IST)

ਜਾ.ਸ., ਜਲੰਧਰ : ਸ਼ਹਿਰ ਵਿਚ ਕੂੜੇ ਦੇ ਡੰਪ ਨੇੜੇ ਹੋਣ ਕਾਰਨ ਲੰਬੇ ਸਮੇਂ ਤੱਕ ਵਿਵਾਦਾਂ ਵਿਚ ਰਹੇ ਮਾਡਲ ਟਾਊਨ ਸ਼ਮਸ਼ਾਨਘਾਟ ਕੰਪਲੈਕਸ ਵਿਚ ਜਲਦੀ ਹੀ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਕੰਮ ਲਈ ਲੋਕ ਨਿਰਮਾਣ ਵਿਭਾਗ ਨੇ ਹਾਲ ਹੀ ਵਿਚ ਟੈਂਡਰ ਜਾਰੀ ਕੀਤਾ ਹੈ, ਜਿਸ ਤਹਿਤ ਅਗਲੇ ਛੇ ਮਹੀਨਿਆਂ ਵਿਚ ਸ਼ਮਸ਼ਾਨਘਾਟ ਸਾਰੀਆਂ ਮੁੱਢਲੀਆਂ ਸਹੂਲਤਾਂ ਨਾਲ ਲੈਸ ਹੋਵੇਗਾ, ਜਿੱਥੇ ਕੂੜੇ ਦਾ ਡੰਪ ਪਹਿਲਾਂ ਹੀ ਮਾਡਲ ਐਕਸ਼ਨ ਕਮੇਟੀ ਦੇ ਸੰਘਰਸ਼ ਤੋਂ ਬਾਅਦ ਖਤਮ ਕੀਤਾ ਜਾ ਚੁੱਕਾ ਹੈ। ਨਗਰ ਨਿਗਮ ਦੇ ਵਾਰਡ ਨੰਬਰ 33 ਵਿਚ ਪੈਂਦੇ ਮਾਡਲ ਟਾਊਨ ਸ਼ਮਸ਼ਾਨਘਾਟ ਕੰਪਲੈਕਸ ਵਿਚ ਨਿਰਮਾਣ ਕਾਰਜ ਐੱਮਪੀ ਫੰਡ ਤੋਂ ਕਰਵਾਇਆ ਜਾ ਰਿਹਾ ਹੈ। ਪ੍ਰਾਜੈਕਟ ਦੀ ਲਾਗਤ ਲਗਪਗ 49.08 ਲੱਖ ਰੁਪਏ ਹੈ, ਜਿਸ ਨੂੰ ਪੂਰਾ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਤਹਿਤ ਸ਼ਮਸ਼ਾਨਘਾਟ ਕੰਪਲੈਕਸ ’ਚ ਕਿਸੇ ਮਰਹੂਮ ਦੇ ਆਖ਼ਰੀ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਅਤੇ ਨਜ਼ਦੀਕੀ ਲੋਕਾਂ ਲਈ ਬੈਠਣ ਲਈ ਹਾਲ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਮਸ਼ਾਨਘਾਟ ਦੇ ਮੁੱਖ ਮਾਰਗਾਂ ’ਤੇ ਛੱਤਾਂ ਲਗਾਈਆਂ ਜਾਣਗੀਆਂ ਤਾਂ ਜੋ ਬਾਰਿਸ਼ ਜਾਂ ਤੇਜ਼ ਧੁੱਪ ਦੇ ਮੌਸਮ ਵਿਚ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ। ਆਖ਼ਰੀ ਸੰਸਕਾਰ ਵਿਚ ਵਰਤੀ ਜਾਣ ਵਾਲੀ ਲੱਕੜ ਨੂੰ ਸੁਰੱਖਿਅਤ ਰੱਖਣ ਲਈ ਭੰਡਾਰਨ ਕਮਰਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸ਼ਮਸ਼ਾਨਘਾਟ ਦੇ ਯੋਗ ਸੀਮਾਂਕਨ ਲਈ ਚਾਰਦੀਵਾਰੀ, ਕੰਕਰੀਟ ਦੀਆਂ ਸੜਕਾਂ ਅਤੇ ਪਾਰਕਿੰਗ, ਪੀਣ ਦੇ ਪਾਣੀ ਅਤੇ ਜਲ ਨਿਕਾਸ ਦਾ ਪ੍ਰਬੰਧ, ਪੱਖੇ ਅਤੇ ਐੱਲਈਡੀ ਲਾਈਟਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ। ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਪਿਛਲੇ ਸਮੇਂ ਵਿਚ ਕੂੜੇ ਦੇ ਡੰਪ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਸ਼ਮਸ਼ਾਨਘਾਟ ਕੰਪਲੈਕਸ ਸਾਰੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਨਾਲ ਸ਼ਹਿਰ ਦੀ ਵੱਡੀ ਆਬਾਦੀ ਨੂੰ ਆਖ਼ਰੀ ਵਿਦਾਈ ਦੇ ਕੰਮ ਵਿਚ ਆਸਾਨੀ ਮਿਲੇਗੀ।