5 ਘਰਾਂ ’ਚ ਮਿਲਿਆ ਡੇਂਗੂ ਦਾ ਲਾਰਵਾ, 29 ਤੱਕ ਪੁੱਜਾ ਅੰਕੜਾ
ਡੇਂਗੂ ਰੋਕਥਾਮ ਲਈ ਸਾਂਝੇ
Publish Date: Fri, 08 May 2026 09:22 PM (IST)
Updated Date: Sat, 09 May 2026 04:15 AM (IST)

ਡੇਂਗੂ ਰੋਕਥਾਮ ਲਈ ਸਾਂਝੇ ਯਤਨ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ, ਲੋਕਾਂ ਦਾ ਸਹਿਯੋਗ ਜ਼ਰੂਰੀ : ਡਾ. ਰਾਜੇਸ਼ ਗਰਗ ਜਾਗਰਣ ਸੰਵਾਦਦਾਤਾ, ਜਲੰਧਰ ਸਿਹਤ ਵਿਭਾਗ ਨੇ ਨੈਸ਼ਨਲ ਵੈਕਟਰ ਤੇ ਵਾਟਰ ਬਾਰਨ ਬਿਮਾਰੀ ਕੰਟਰੋਲ ਪ੍ਰੋਗਰਾਮ ਅਧੀਨ ਸ਼ੁੱਕਰਵਾਰ ਨੂੰ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਚਲਾਈ। ਇਸ ਦੌਰਾਨ ਜ਼ਿਲ੍ਹੇ ’ਚ ਪੰਜ ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ। ਹੁਣ ਤੱਕ ਜ਼ਿਲ੍ਹੇ ’ਚ 29 ਸਥਾਨਾਂ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਮੌਸਮ ’ਚ ਉਤਰਾਅ-ਚੜ੍ਹਾਅ ਕਾਰਨ ਡੇਂਗੂ ਨੂੰ ਪਣਪਣ ਲਈ ਲੋੜੀਂਦਾ ਵਾਤਾਵਰਣ ਮਿਲ ਰਿਹਾ ਹੈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਡੇਂਗੂ ਰੋਕਥਾਮ ਸਬੰਧੀ ਕਾਰਵਾਈ ਕੀਤੀ ਗਈ ਤੇ ਲੋਕਾਂ ਨੂੰ ਡੇਂਗੂ ਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਰੋਕਥਾਮ ਲਈ ਸਾਂਝੇ ਯਤਨ ਕਰਨਾ ਸਾਡੇ ਸਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ ਤੇ ਇਸ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਹਿਨੋ, ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕਰੀਮ ਦਾ ਇਸਤੇਮਾਲ ਕਰੋ। ਕੂਲਰ ਤੇ ਗਮਲਿਆਂ ਦੀ ਟਰੇਅ ਦਾ ਪਾਣੀ ਹਫ਼ਤੇ ’ਚ ਇਕ ਵਾਰੀ ਜ਼ਰੂਰ ਸਾਫ਼ ਕਰੋ। ਟੁੱਟੇ ਬਰਤਨ, ਡਰੰਮ ਤੇ ਟਾਇਰ ਖੁੱਲ੍ਹੇ ’ਚ ਨਾ ਰੱਖੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਤਾਂ ਜੋ ਮੱਛਰ ਦੇ ਲਾਰਵੇ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਲਾ ਐਪੀਡੀਮੀਓਲੋਜਿਸਟ ਡਾ. ਆਦਿਤਿਆਪਾਲ ਦੇ ਅਗਵਾਈ ’ਚ ਸ਼ੁੱਕਰਵਾਰ ਨੂੰ ਐਂਟੀ ਲਾਰਵਾ ਟੀਮਾਂ ਨੇ ਹਾਟਸਪਾਟ ਇਲਾਕੇ ਉੱਚਾ ਸੁਰਾਜ ਗੰਜ, ਸ਼ਹੀਦ ਊਧਮ ਸਿੰਘ ਨਗਰ ਤੇ ਸਿਵਲ ਹਸਪਤਾਲ ਦੀ ਜਾਂਚ ਕੀਤੀ। ਸਹਾਇਕ ਸਿਹਤ ਅਧਿਕਾਰੀ ਡਾ. ਮੀਰਾ, ਜ਼ਿਲਾ ਐਪੀਡੀਮੀਓਲੋਜਿਸਟ ਡਾ. ਸ਼ੋਭਨਾ ਬਾਂਸਲ ਤੇ ਏਐੱਮਓ ਡਾ. ਦੇਵ ਦੇ ਨਾਲ ਟੀਮਾਂ ਨੇ ਇਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਲਾਰਵੇ ਦੀ ਸ਼ਨਾਖਤ ਕੀਤੀ ਤੇ ਲੋਕਾਂ ਨੂੰ ਬਚਾਅ ਬਾਰੇ ਜਾਗਰੂਕ ਕੀਤਾ। ਟੀਮਾਂ ਨੇ ਲੋਕਾਂ ਤੋਂ ਪਸ਼ੂ-ਪੰਛੀਆਂ ਦੇ ਪਾਣੀ ਦੇ ਬਰਤਨ ਤੇ ਕੂਲਰ ਦਾ ਪਾਣੀ ਹਫ਼ਤੇ ’ਚ ਘੱਟੋ-ਘੱਟ ਇਕ ਵਾਰੀ ਬਦਲਣ ਦੀ ਅਪੀਲ ਕੀਤੀ। ਡਾ. ਆਦਿਤਿਆਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਜ਼ਿਲ੍ਹੇ ’ਚ ਕੁੱਲ 2537 ਘਰਾਂ ਦਾ ਡੇਂਗੂ ਸਰਵੇਖਣ ਕੀਤਾ, ਜਿਸ ’ਚ ਸ਼ਹਿਰੀ ਖੇਤਰ ’ਚ 424 ਤੇ ਪਿੰਡ ਖੇਤਰ ’ਚ 2113 ਘਰ ਸ਼ਾਮਲ ਸਨ। ਇਸ ਦੌਰਾਨ 5 ਸਥਾਨਾਂ ’ਤੇ ਡੇਂਗੂ ਲਾਰਵਾ ਮਿਲਿਆ, ਜਿਸ ਨੂੰ ਨਿਰਧਾਰਿਤ ਤਰੀਕੇ ਨਾਲ ਨਸ਼ਟ ਕੀਤਾ ਗਿਆ। ਟੀਮਾਂ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਤਾਪਮਾਨ ’ਚ ਉਤਰਾਅ-ਚੜ੍ਹਾਅ ਕਾਰਨ ਤਾਪਮਾਨ ਗੜਬੜ ਹੋ ਰਿਹਾ ਹੈ ਤੇ ਡੇਂਗੂ ਦਾ ਲਾਰਵਾ ਤਿਆਰ ਹੋਣ ਲੱਗਾ ਹੈ। ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 5 ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੀਆਂ ਟੀਮਾਂ 128545 ਘਰਾਂ ’ਚ ਦਸਤਕ ਦੇ ਚੁੱਕੀਆਂ ਹਨ। ਇਨ੍ਹਾਂ ’ਚ 35310 ਸ਼ਹਿਰੀ ਤੇ 93231 ਪਿੰਡਾਂ ਦੇ ਘਰ ਸ਼ਾਮਲ ਹਨ।