ਮੁਫਤ ਰਾਸ਼ਨ ਮੁਹੱਈਆ ਕਰਨ ਲਈ ਖੋਲ੍ਹੇ ਜਾਣਗੇ 1026 ਨਵੇਂ ਰਾਸ਼ਨ ਡਿਪੂ
ਪੇਂਡੂ ਇਲਾਕਿਆਂ ’ਚ 800
Publish Date: Fri, 08 May 2026 08:08 PM (IST)
Updated Date: Sat, 09 May 2026 04:14 AM (IST)

ਪੇਂਡੂ ਇਲਾਕਿਆਂ ’ਚ 800 ਤੇ ਸ਼ਹਿਰੀ ’ਚ ਖੁੱਲ੍ਹਣਗੇ 226 ਨਵੇਂ ਡਿਪੂ 15 ਮਈ ਤੋਂ ਲਈ ਜਾਵੇਗੀ ਇੰਟਰਵਿਊ ਸ਼ਾਮ ਸਹਿਗਲ, ਜਲੰਧਰ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਰਾਸ਼ਨ ਦੀ ਦੁਕਾਨ ਤੋਂ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ’ਚ 1026 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ। ਇਸ ਲਈ ਅਰਜ਼ੀ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ। ਇਸ ਲਈ 15 ਮਈ ਤੋਂ ਇੰਟਰਵਿਊ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜੋ 4 ਦਿਨਾਂ ਤੱਕ ਜਾਰੀ ਰਹੇਗੀ। ਇਸ ਪ੍ਰਬੰਧ ਤਹਿਤ ਸ਼ਹਿਰੀ ਇਲਾਕਿਆਂ ’ਚ 226 ਤੇ ਪੇਂਡੂ ਇਲਾਕਿਆਂ ’ਚ 800 ਨਵੇਂ ਰਾਸ਼ਨ ਡਿਪੂ ਖੋਲ੍ਹਣ ਦੀ ਯੋਜਨਾ ਹੈ। ਇਨ੍ਹਾਂ ਡਿਪੂਆਂ ਲਈ ਵੱਖ-ਵੱਖ ਸ਼੍ਰੇਣੀਆਂ ਤਹਿਤ ਰਾਖਵੇਂਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਜੋ ਸਾਰੇ ਵਰਗਾਂ ਨੂੰ ਸਮਾਨ ਮੌਕਾ ਮਿਲ ਸਕੇ। ਡੀਐੱਫਐੱਸਸੀ ਨਰਿੰਦਰ ਸਿੰਘ ਅਨੁਸਾਰ ਨਵੇਂ ਡਿਪੂ ਖੁੱਲ੍ਹਣ ਨਾਲ ਲਾਭਾਰਥੀਆਂ ਨੂੰ ਰਾਸ਼ਨ ਲੈਣ ਲਈ ਲੰਬੀ ਦੂਰੀ ਤੈਅ ਨਹੀਂ ਕਰਨੀ ਪਵੇਗੀ ਤੇ ਉਨ੍ਹਾਂ ਨੂੰ ਆਪਣੇ ਇਲਾਕੇ ’ਚ ਹੀ ਸਮੇਂ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਜਨਤਕ ਵੰਡ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਤੇ ਪ੍ਰਬੰਧ ’ਚ ਵੀ ਪਾਰਦਰਸ਼ਤਾ ਆਵੇਗੀ। ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਯੋਜਨਾ ਤਹਿਤ ਲਾਭਾਰਥੀਆਂ ਨੂੰ ਹਰ ਮਹੀਨੇ ਮੁਫਤ ਕਣਕ ਦਿੱਤੀ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਇਸ ’ਚ ਵਾਧਾ ਕਰਦਿਆਂ ‘ਆਪਣੀ ਰਸੋਈ ਯੋਜਨਾ’ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਹੁਣ ਲਾਭਾਰਥੀਆਂ ਨੂੰ ਕਣਕ ਦੇ ਨਾਲ-ਨਾਲ ਚੀਨੀ, ਚਾਹ ਪੱਤੀ, ਦਾਲਾਂ, ਹਲਦੀ, ਮਿਰਚ ਤੇ ਖੰਡ ਵੀ ਦਿੱਤੀ ਜਾਵੇਗੀ। ਸਮੇਂ ਦੇ ਨਾਲ ਜ਼ਿਲੇ ’ਚ ਵੱਡੀ ਆਬਾਦੀ ਤੇ ਲਾਭਾਰਥੀਆਂ ਦੀ ਗਿਣਤੀ ਨੂੰ ਦੇਖਦਿਆਂ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾ ਰਹੇ ਹਨ ਤਾਂ ਜੋ ਯੋਗ ਲੋਕਾਂ ਤੱਕ ਆਸਾਨੀ ਤੇ ਸਰਲਤਾ ਨਾਲ ਰਾਸ਼ਨ ਉਪਲੱਬਧ ਕਰਵਾਇਆ ਜਾ ਸਕੇ। ਇਸ ਬਾਰੇ ਡੀਐੱਫਐੱਸਸੀ ਨਰਿੰਦਰ ਸਿੰਘ ਦੱਸਦੇ ਹਨ ਕਿ ਨਵੇਂ ਰਾਸ਼ਨ ਡਿਪੂ ਖੁੱਲ੍ਹਣ ਨਾਲ ਲੋਕਾਂ ਨੂੰ ਸਮੇਂ ’ਤੇ ਅਤੇ ਸਰਲਤਾ ਨਾਲ ਮੁਫਤ ਰਾਸ਼ਨ ਉਪਲੱਬਧ ਕਰਨ ’ਚ ਮਦਦ ਮਿਲੇਗੀ। ਬਾਕਸ-- ਪਿਛਲੇ ਸਾਲ ਪੂਰੀ ਕੀਤੀ ਗਈ ਸੀ ਅਰਜ਼ੀ ਦੀ ਪ੍ਰਕਿਰਿਆ ਜ਼ਿਲ੍ਹੇ ’ਚ ਰਾਸ਼ਨ ਡਿਪੂ ਅਲਾਟ ਕਰਨ ਲਈ ਪਿਛਲੇ ਸਾਲ ਅਪ੍ਰੈਲ ਮਹੀਨੇ ’ਚ ਅਰਜ਼ੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਸੀ, ਜਿਸ ਤਹਿਤ 14 ਤੋਂ 28 ਅਪ੍ਰੈਲ ਤੱਕ ਅਰਜ਼ੀਆਂ ਲਈਆਂ ਗਈਆਂ ਸਨ। ਇਸ ਤੋਂ ਬਾਅਦ ਇਨ੍ਹਾਂ ਅਰਜ਼ੀਆਂ ਦੀ ਜਾਂਚ, ਰਾਸ਼ਨ ਡਿਪੂ ਦੇ ਸਥਾਨ ਸਮੇਤ ਸਾਰੀਆਂ ਕਿਸਮ ਦੀਆਂ ਫਾਰਮੈਲਟੀਆਂ ਪੂਰੀਆਂ ਕੀਤੀਆਂ ਜਾਂਦੀਆਂ ਰਹੀਆਂ। ਹੁਣ 15 ਮਈ ਤੋਂ 4 ਦਿਨਾਂ ਤੱਕ ਇੰਟਰਵਿਊ ਲੈਣ ਤੋਂ ਬਾਅਦ ਬਿਨੈਕਾਰਾਂ ਨੂੰ ਰਾਸ਼ਨ ਡਿਪੂ ਅਲਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬਾਕਸ-- ਵੱਖ-ਵੱਖ ਸ਼੍ਰੇਣੀਆਂ ਨੂੰ ਮਿਲੇਗਾ ਸਮਾਨ ਮੌਕਾ ਜ਼ਿਲ੍ਹੇ ’ਚ ਪੇਂਡੂ ਇਲਾਕਿਆਂ ’ਚ 800 ਤੇ ਸ਼ਹਿਰੀ ’ਚ 226 ਨਵੇਂ ਡਿਪੋ ਖੋਲ੍ਹੇ ਜਾਣਗੇ, ਜਿਸ ਵਿਚ ਵੱਖ-ਵੱਖ ਸ਼੍ਰੇਣੀਆਂ ਨੂੰ ਸਮਾਨ ਮੌਕਾ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ’ਚ ਪੇਂਡੂ ਇਲਾਕਿਆਂ ’ਚ ਡਿਪੂ ਅਲਾਟ ਕਰਦਿਆਂ ਜਨਰਲ ਸ਼੍ਰੇਣੀ ਨੂੰ 452, ਅਨੁਸੂਚਿਤ ਜਾਤੀ 26, ਪਿਛੜੀ ਸ਼੍ਰੇਣੀ 18, ਸਾਬਕਾ ਫੌਜੀ 74, ਸੁਤੰਤਰਤਾ ਸੈਨਾਨੀ 58, ਵਿਸ਼ੇਸ਼ ਜਨ 33, ਔਰਤਾਂ 23, ਦੰਗਾ ਪੀੜਤ ਤੇ ਅੱਤਵਾਦ ਪੀੜਤ 116 ਹੋਣਗੇ। ਇਸੇ ਤਰ੍ਹਾਂ ਸ਼ਹਿਰੀ ਖੇਤਰ ’ਚ ਡਿਪੂ ਅਲਾਟ ਕਰਦਿਆਂ ਜਨਰਲ ਸ਼੍ਰੇਣੀ 71, ਪਿੱਛੜੀ ਸ਼੍ਰੇਣੀ 4, ਸਾਬਕਾ ਫੌਜੀ 41, ਸੁਤੰਤਰਤਾ ਸੈਨਾਨੀ 33, ਵਿਸ਼ੇਸ਼ ਜਨ 13, ਔਰਤਾਂ ਤੇ ਸਵੈ-ਸੇਵੀ ਸੰਸਥਾਵਾਂ 12, ਦੰਗਾ ਪੀੜਤ ਤੇ ਅੱਤਵਾਦ ਪੀੜਤ 52 ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ। ਬਾਕਸ-- 4 ਦਿਨਾਂ ਤੱਕ ਵੱਖ-ਵੱਖ ਹਲਕਿਆਂ ’ਚ ਲਈ ਜਾਵੇਗੀ ਇੰਟਰਵਿਊ ਜ਼ਿਲ੍ਹੇ ’ਚ ਰਾਸ਼ਨ ਡਿਪੂ ਅਲਾਟ ਕਰਨ ਲਈ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 4 ਦਿਨਾਂ ਤੱਕ ਜ਼ਿਲੇ ਦੇ ਵੱਖ-ਵੱਖ ਹਲਕਿਆਂ ਦੇ ਬਿਨੈਕਾਰਾਂ ਦੀ ਇੰਟਰਵਿਊ ਲਈ ਜਾਵੇਗੀ, ਜਿਸ ਤਹਿਤ 15 ਮਈ ਨੂੰ ਜਲੰਧਰ ਸ਼ਹਿਰ ਤੇ ਜਲੰਧਰ ਕੈਂਟ, ਕਰਤਾਰਪੁਰ, ਭੋਗਪੁਰ ਤੇ ਆਦਮਪੁਰ ਦੇ ਬਿਨੈਕਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸੇ ਤਰ੍ਹਾਂ 18 ਮਈ ਨੂੰ ਲੋਹੀਆਂ ਖਾਸ ਤੇ ਸ਼ਾਹਕੋਟ ਦੇ ਬਿਨੈਕਾਰਾਂ ਦੀ ਇੰਟਰਵਿਊ ਲਈ ਜਾਵੇਗੀ। 19 ਮਈ ਨੂੰ ਮਹਿਤਪੁਰ ਤੇ ਨਕੋਦਰ ਤੇ 20 ਮਈ ਨੂੰ ਫਿਲੌਰ, ਅੱਪਰਾ, ਗੁਰਾਇਆ ਤੇ ਨੂਰਮਹਿਲ ਦੇ ਬਿਨੈਕਾਰਾਂ ਦਾ ਇੰਟਰਵਿਊ ਲਿਆ ਜਾਵੇਗਾ।